ਚੰਡੀਗੜ੍ਹ : ਕਾਂਗਰਸ ਆਗੂ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਲਗਾਤਾਰ ਅਪਣੀ ਹੀ ਸਰਕਾਰ ਖ਼ਾਸਕਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾ ਰਹੇ ਹਨ। ਸਿੱਧੂ ਨੇ ਕੋਟਕਪੂਰਾ ਗੋਲੀ ਕਾਂਡ ਵਿਚ ਅੱਜ ਫਿਰ ਮੁੱਖ ਮੰਤਰੀ ਨੂੰ ਘੇਰਦਿਆਂ ਕਿਹਾ, ‘ਗੁਰੂ ਤੋਂ ਬੇਮੁਖ ਹਾਕਮਾਂ ਦੀ ਬਦਨੀਅਤ ਜਗ-ਜ਼ਾਹਰ ਹੈ। ਪਿਛਲੇ ਸਾਢੇ ਚਾਰ ਸਾਲਾਂ ਵਿਚ ਕਿਸੇ ਹਾਈ ਕੋਰਟ ਨੇ ਨਹੀਂ ਸੀ ਰੋਕਿਆ। ਜਦੋਂ ਡੀਜੀਪੀ ਜਾਂ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ’ਤੇ ਰੋਕ ਲੱਗੀ ਤਾਂ ਘੰਟਿਆਂ ਵਿਚ ਹੀ ਹੁਕਮਾਂ ਨੂੰ ਉਪਰਲੀ ਅਦਾਲਤ ਵਿਚ ਚੁਨੌਤੀ ਦੇ ਦਿਤੀ ਗਈ। ਹੁਣ ਲੋਕਾਂ ਦਾ ਧਿਆਨ ਭਟਕਾਉਣ ਲਈ ਪਹਿਲਾਂ ਤੁਸੀਂ ਹਾਈ ਕੋਰਟ ਦੇ ਫ਼ੈਸਲੇ ’ਤੇ ਤਿੱਖੇ ਸਵਾਲ ਚੁੱਕੇ ਤੇ ਫਿਰ ਪਿਛਲੇ ਦਰਵਾਜ਼ੇ ਰਾਹੀਂ ਹੁਕਮਾਂ ਨੂੰ ਮੰਨ ਵੀ ਲਿਆ।’ ਸਿੱਧੂ ਦਾ ਇਸ਼ਾਰਾ ਮੁੱਖ ਮੰਤਰੀ ਵਲ ਸੀ। ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਉਹ ਲਗਾਤਾਰ ਕਹਿ ਰਹੇ ਹਨ ਕਿ ਕਾਂਗਰਸ ਸਰਕਾਰ ਕੋਟਕਪੂਰਾ ਗੋਲੀ ਕਾਂਡ ਵਿਚ ਮਾਰੇ ਗਏ ਸਿੱਖਾਂ ਦੇ ਪਰਵਾਰਾਂ ਨੂੰ ਇਨਸਾਫ਼ ਨਹੀਂ ਦਿਵਾ ਸਕੀ ਜਦਕਿ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਅਜਿਹਾ ਕਰਨ ਦਾ ਵਾਅਦਾ ਕੀਤਾ ਸੀ। ਸਿੱਧੂ ਦੀਆਂ ਟਿਪਣੀਆਂ ਨੇ ਕਾਂਗਰਸ ਪਾਰਟੀ ਅੰਦਰ ਭੂਚਾਲ ਲਿਆਂਦਾ ਹੋਇਆ ਹੈ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸੁੰਦਰ ਸ਼ਾਮ ਅਰੋੜਾ ਤੇ ਸਾਧੂ ਸਿੰਘ ਧਰਮਸੋਤ ਸਿੱਧੂ ਵਿਰੁਧ ਖੁਲ੍ਹ ਕੇ ਬੋਲਣ ਲੱਗ ਪਏ ਹਨ। ਅੱਜ ਕੁਝ ਮੰਤਰੀਆਂ ਨੇ ਬਿਆਨ ਜਾਰੀ ਕਰ ਕੇ ਸਿੱਧੂ ਵਿਰੁਧ ਕਾਰਵਾਈ ਕੀਤੀ।