ਐਸ.ਏ.ਐਸ ਨਗਰ : ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਸੂਬੇ ਦੀਆਂ ਸਿੱਖਿਆ ਸੰਸਥਾਵਾਂ ਨੂੰ ਬੰਦ ਕਰਨ ਦੇ ਨਾਲ-ਨਾਲ ਟੀਚਿੰਗ ਸਟਾਫ ਦੀ ਸਮਰੱਥਾ 50 ਪ੍ਰਤੀਸ਼ਤ ਨਾਲ ਚਲਾਉਣ ਦੇ ਆਦੇਸ਼ ਦੀ ਪਾਲਣਾ ਹਿੱਤ ਸਰਕਾਰੀ ਆਈ.ਟੀ.ਆਈ (ਇ) ਮੁਹਾਲੀ ਨੂੰ ਵੀ 31 ਮਈ 2021 ਤੱਕ ਸਿੱਖਿਆਰਥੀਆਂ ਲਈ ਮੁਕੰਮਲ ਤੌਰ ਤੇ ਬੰਦ ਕੀਤਾ ਗਿਆ ਹੈ।
ਵਿਭਾਗ ਦੇ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਆਦੇਸ਼ ਅਨੁਸਾਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਸ਼੍ਰੀ ਅਨੁਰਾਗ ਵਰਮਾ ਆਈ.ਏ.ਐਸ ਦੀ ਅਗਵਾਈ ਵਿੱਚ ਸੰਸਥਾ ਦੇ ਸਟਾਫ ਅਤੇ ਸਿਖਿਆਰਥੀਆਂ ਦੀਆਂ ਇਸ ਮਹਾਂਮਾਰੀ ਦੌਰਾਨ ਸੇਵਾਵਾਂ ਹਾਸਿਲ ਕਰਨ ਲਈ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਤਾਂ ਜੋ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਵਿੱਚ ਸੰਸਥਾ ਵੱਲੋਂ ਵੀ ਆਪਣੀਆਂ ਢੁੱਕਵੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।
ਸੰਸਥਾ ਦੇ ਪ੍ਰਿੰਸੀਪਲ ਸ਼੍ਰੀ ਸ਼ਮਸ਼ੇਰ ਪੁਰਖਾਲਵੀ ਵੱਲੋਂ ਮੀਟਿੰਗ ਦੌਰਾਨ ਸਮੂਹ ਸਟਾਫ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਸਿਖਿਆਰਥੀਆਂ ਨੂੰ ਰੈਗੁਲਰ ਆਨਲਾਈਨ ਪੜ੍ਹਾਈ ਕਰਵਾਉਣ ਦੇ ਨਾਲ-ਨਾਲ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਗਰੁੱਪ ਬਣਾ ਕੇ ਪਿੰਡ-ਪਿੰਡ ਜਾਗਰੂਕਤਾ ਮੁਹਿੰਮ ਚਲਾਉਣ। ਉਨ੍ਹਾਂ ਸਟਾਫ ਨੂੰ ਹਦਾਇਤ ਕੀਤੀ ਕਿ ਉਹ 24 ਘੰਟੇ ਸੰਕਟਕਾਲੀਨ ਸਮੇਂ ਲਈ ਤਿਆਰ-ਬਰ-ਤਿਆਰ ਰਹਿਣ ਤਾਂ ਜੋ ਜਿਲ੍ਹਾ ਪ੍ਰਸ਼ਾਸਨ ਵੱਲੋਂ ਮਿਲਣ ਵਾਲੇ ਕਿਸੇ ਵੀ ਆਦੇਸ਼ ਦੀ ਪੂਰਤੀ ਲਈ ਤੁਰੰਤ ਹਾਜਰ ਹੋਇਆ ਜਾ ਸਕੇ। ਕੋਵਿਡ ਮਰੀਜਾਂ ਦੀ ਸਾਂਭ-ਸੰਭਾਲ ਲਈ ਸੰਸਥਾ ਵੱਲੋਂ 10 ਗੱਡੀਆਂ ਨੂੰ ਰਾਖਵਾਂ ਰੱਖਿਆ ਗਿਆ ਹੈ ਤਾਂ ਜੋ ਬਿਪਤਾ ਵੇਲੇ ਇਨ੍ਹਾਂ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕੇ। ਮੀਟਿੰਗ ਦੌਰਾਨ ਸ੍ਰੀ ਪੁਰਖਾਲਵੀ ਨੇ ਦੱਸਿਆ ਕਿ ਰਾਜ ਦੀਆਂ ਹੋਰਨਾਂ ਸੰਸਥਾਵਾਂ ਵੱਲੋਂ ਆਕਸੀਜਨ ਸਿਲੰਡਰ ਅਤੇ ਆਕਸੀਜਨ ਪਲਾਂਟ ਨੂੰ ਚਲਾਉਣ ਅਤੇ ਰੱਖ-ਰਖਾਓ ਲਈ ਆਪਣੇ ਸਿਖਿਆਰਥੀਆਂ ਨੂੰ ਪੇਸ਼ ਕੀਤਾ ਗਿਆ ਹੈ।
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਪੁਰਖਾਲਵੀ ਨੇ ਦੱਸਿਆ ਕਿ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਅਨੁਰਾਗ ਵਰਮਾ ਜੀ ਦੀ ਅਗਵਾਈ ਵਿੱਚ ਰਾਜ ਦੀਆਂ 117 ਸੰਸਥਾਵਾਂ ਪਿਛਲੇ ਸਵਾ ਸਾਲ ਤੋਂ ਕਰੋਨਾ ਮਹਾਂਮਾਰੀ ਵਿੱਚ ਹਰ ਪੱਖੋਂ ਆਪਣਾ ਭਰਵਾਂ ਯੋਗਦਾਨ ਪਾਉਂਦੀਆਂ ਆ ਰਹੀਆਂ ਹਨ ਜਿਸ ਬਦਲੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਵਿਭਾਗ ਦੀ ਪਿੱਠ ਵੀ ਥਾਪੜੀ ਗਈ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਸ਼੍ਰੀ ਅਵਤਾਰ ਸਿੰਘ ਸੁਪਰਡੰਟ, ਸ਼੍ਰੀ ਵਰਿੰਦਰਪਾਲ ਸਿੰਘ, ਸ਼੍ਰੀ ਰੋਹਿਤ ਕੌਸ਼ਲ, ਸ਼੍ਰੀ ਮਨਿੰਦਰ ਪਾਲ ਸਿੰਘ, ਸ਼੍ਰੀ ਰਾਕੇਸ਼ ਕੁਮਾਰ ਡੱਲਾ, ਸ਼੍ਰੀ ਅਮਨਦੀਪ ਸ਼ਰਮਾ, ਸ਼੍ਰੀਮਤੀ ਦਰਸ਼ਨਾ ਕੁਮਾਰੀ, ਸ਼੍ਰੀਮਤੀ ਉਪਾਸਨਾ ਅੱਤਰੀ, ਸ਼੍ਰੀਮਤੀ ਸ਼ਵੀ ਗੋਇਲ, ਸ਼੍ਰੀਮਤੀ ਰਮਨਦੀਪ ਕੌਰ, ਸ਼੍ਰੀਮਤੀ ਰੇਨੂ ਸ਼ਰਮਾ, ਸ਼੍ਰੀਮਤੀ ਜਸਵੀਰ ਕੌਰ ਅਤੇ ਸ਼੍ਰੀਮਤੀ ਸਰਿਤਾ ਕੁਮਾਰੀ ਹਾਜਿਰ ਸਨ।