ਐਸ.ਏ.ਐਸ.ਨਗਰ : ਐਲ 3 ਸਹੂਲਤਾਂ ਦਰਮਿਆਨ ਰੈਫਰਲ ਨੂੰ ਸਖ਼ਤੀ ਨਾਲ ਵਰਜਿਆ ਜਾਵੇਗਾ ਜਦੋਂ ਤੱਕ ਕਿ ਇਲਾਜ਼ ਕਰਨ ਵਾਲੇ ਡਾਕਟਰ ਦੁਆਰਾ ਲਿਖਤੀ ਰੂਪ ਵਿਚ ਠੋਸ ਕਾਰਨ ਨਾ ਦਿੱਤਾ ਗਿਆ ਹੋਵੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਐਸ.ਏ.ਐੱਸ. ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ।
ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਾਕਟਰਾਂ 'ਤੇ ਕੋਵਿਡ ਮਰੀਜ਼ਾਂ ਦੇ ਰਿਸ਼ਤੇਦਾਰ ਆਪਣੇ ਮਰੀਜ਼ ਨੂੰ ਇਕ ਐਲ 3 ਤੋਂ ਆਪਣੀ ਮਨਪਸੰਦ ਦੇ ਦੂਸਰੇ ਐਲ 3 ਵਿੱਚ ਰੈਫਰ ਕਰਨ ਲਈ ਜ਼ੋਰ ਪਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਨੇ ਗੰਭੀਰ ਦੇਖਭਾਲ ਵਾਲੇ ਮਰੀਜ਼ਾਂ ਦੇ ਇਲਾਜ ਲਈ ਵਿਸਥਾਰਤ ਪ੍ਰੋਟੋਕੋਲ ਜਾਰੀ ਕੀਤੇ ਹਨ ਅਤੇ ਅਪਣਾਈ ਜਾਣ ਵਾਲੀ ਪ੍ਰਕਿਰਿਆ ਸਾਰੀਆਂ ਐਲ 3 ਸਹੂਲਤਾਂ ਵਿਚ ਇਕ ਸਮਾਨ ਹੈ; ਇਸ ਲਈ ਬਿਨ੍ਹਾਂ ਕਾਰਨ ਗੰਭੀਰ ਸਿਹਤ ਸੰਭਾਲ ਸਹੂਲਤ ਨੂੰ ਬਦਲਣਾ ਹਸਪਤਾਲਾਂ 'ਤੇ ਅਣਚਾਹੇ ਦਬਾਅ ਨੂੰ ਵਧਾਏਗੀ ਅਤੇ ਮਰੀਜ਼ ਨੂੰ ਵੀ ਖ਼ਤਰੇ ਵਿਚ ਪਾ ਸਕਦੀ ਹੈ।
ਸ੍ਰੀ ਦਿਆਲਨ ਨੇ ਕਿਹਾ ਕਿ ਪੰਜਾਬ ਅਤੇ ਦੂਜੇ ਸੂਬਿਆਂ ਤੋਂ ਮੋਹਾਲੀ ਵਿੱਚ ਇਲਾਜ ਕਰਵਾਉਣ ਵਾਲੇ ਕੋਵਿਡ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਇਸ ਲਈ ਉਪਲਬਧ ਸਰੋਤਾਂ ਨੂੰ ਅਨੁਕੂਲ ਬਣਾਉਣ ਦੀ ਜ਼ਰੂਰਤ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੱਧ ਤੋਂ ਵੱਧ ਜਾਨਾਂ ਬਚਾਈਆਂ ਜਾ ਸਕਣ ਅਤੇ ਮਰੀਜ਼ਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਅਜਿਹੇ ਹਾਲਾਤਾਂ ਵਿੱਚ ਤਰਜੀਹੀ/ਮਨਪਸੰਦ ਐਲ 3 ਸਹੂਲਤਾਂ ਵਿੱਚ ਰੈਫਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ; ਸਾਰੇ ਸਰੋਤ ਉਪਲਬਧਤਾ ਅਨੁਸਾਰ ਮਰੀਜ਼ਾਂ ਨੂੰ ਮੁਹਈਆ ਕਰਵਾਏ ਜਾਣਗੇ।