ਕੁਰਾਲੀ : ਇੱਥੋਂ ਨੇੜਲੇ ਪਿੰਡ ਕੁਬਾਹੇੜੀ ਦੇ ਇੱਕ ਨੌਜਵਾਨ ਦੀ ਜਿਲ੍ਹਾ ਜੇਲ੍ਹ ਰੂਪਨਗਰ ਵਿਖੇ ਭੇਦਭਰੀ ਹਾਲਤ ਵਿੱਚ ਮੌਤ ਹੋਣ ਦੀ ਖਬਰ ਮਿਲੀ ਹੈ ਅਤੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਉਸਦੀ ਮੌਤ ਲਈ ਕਥਿਤ ਤੌਰ ਤੇ ਪੁਲਿਸ ਪ੍ਰਸ਼ਾਸ਼ਨ ਤੇ ਕੁੱਟਮਾਰ ਦੇ ਦੋਸ਼ ਲਗਾਏ ਗਏ ਹਨ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਚਰਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਲੜਕਾ ਚਰਨਪ੍ਰੀਤ ਸਿੰਘ ਪੁੱਤਰ ਲਾਭ ਸਿੰਘ, ਜੋ ਕਿ ਐਨ.ਡੀ.ਪੀ.ਸੀ. ਐਕਟ ਅਧੀਨ 14 ਮਹੀਨਿਆਂ ਤੋਂ ਰੋਪੜ ਜੇਲ੍ਹ ਵਿੱਚ ਬੰਦ ਸੀ। ਮ੍ਰਿਤਕ ਨੌਜਵਾਨ ਦੇ ਭਤੀਜੇ ਅਬਿਨਾਸ਼ ਸਿੰਘ ਨੇ ਦੱਸਿਆ ਕਿ ਬੀਤੀ ਕੱਲ੍ਹ ਹੀ ਉਸਦੀ ਜਮਾਨਤ ਹੋਈ ਸੀ ਅਤੇ ਜਦੋਂ ਉਹ ਜੇਲ੍ਹ ਵਿੱਚੋਂ ਬਾਹਰ ਆ ਰਿਹਾ ਸੀ ਤਾਂ ਪੁਲਿਸ ਵੱਲੋਂ ਜੇਲ੍ਹ ਵਿੱਚ ਕੁਝ ਕੈਦੀਆਂ ਦੀ ਕੁੱਟਮਾਰ ਕੀਤੀ ਜਾ ਰਹੀ ਸੀ। ਉਸਨੇ ਪੁਲਿਸ ਪ੍ਰਸ਼ਾਸ਼ਨ ਤੇ ਕਥਿਤ ਤੌਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਵੱਲੋਂ ਪਸ਼ੂਆਂ ਵਾਂਗ ਕੀਤੀ ਕੁੱਟਮਾਰ ਕਾਰਨ ਹੀ ਚਰਨਪ੍ਰੀਤ ਸਿੰਘ ਦੀ ਮੌਤ ਹੋਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਨੂੰ ਅੱਜ ਸਵੇਰੇ ਨੇੜਲੇ ਥਾਣੇ ਤੋਂ ਫ਼ੋਨ ਤੇ ਚਰਨਪ੍ਰੀਤ ਸਿੰਘ ਦੀ ਮੌਤ ਦੀ ਖਬਰ ਦਿੱਤੀ ਗਈ ਹੈ, ਜਦਕਿ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਕੋਈ ਇਤਲਾਹ ਤੱਕ ਨਹੀਂ ਦਿੱਤੀ ਗਈ। ਮ੍ਰਿਤਕ ਚਰਨਪ੍ਰੀਤ ਸਿੰਘ ਦੀ ਮੌਤ ਦੀ ਖਬਰ ਮਿਲਦਿਆਂ ਹੀ ਉਸਦੇ ਪਰਿਵਾਰਕ ਮੈਂਬਰ ਅਤੇ ਸਾਕ ਸੰਬੰਧੀ ਰੋਪੜ ਜੇਲ੍ਹ ਅੱਗੇ ਇਕੱਠੇ ਹੋ ਗਏ ਅਤੇ ਉਨ੍ਹਾਂ ਚਰਨਪ੍ਰੀਤ ਸਿੰਘ ਦੇ ਮ੍ਰਿਤਕ ਸਰੀਰ ਦਾ ਪੋਸਟ ਮਾਰਟਮ ਦੀ ਪੀ.ਜੀ.ਆਈ ਚੰਡੀਗੜ੍ਹ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਰੋਪੜ ਪ੍ਰਸ਼ਾਸ਼ਨ ਪੋਸਟ ਮਾਰਟਮ ਰਿਪੋਰਟਾਂ ਵਿੱਚ ਹੇਰਾਫ਼ੇਰੀ ਕਰਕੇ ਕਥਿਤ ਤੌਰ ਤੇ ਆਪਣੇ ਮੁਲਾਜਮਾਂ ਨੂੰ ਬਚਾ ਸਕਦਾ ਹੈ। ਮ੍ਰਿਤਕ ਚਰਨਪ੍ਰੀਤ ਸਿੰਘ ਦਾ ਪੋਸਟ ਮਾਰਟਮ ਨਾ ਹੋਣ ਕਰਕੇ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਨਹੀਂ ਹੋ ਸਕਿਆ ਅਤੇ ਉਸਦੇ ਪਰਿਵਾਰਕ ਮੈਂਬਰ ਖਬਰ ਲਿਖੇ ਜਾਣ ਤੱਕ ਜਿਲ੍ਹਾ ਜੇਲ੍ਹ ਰੂਪਨਗਰ ਵਿਖੇ ਹੀ ਮੌਜੂਦ ਸਨ। ਇਸ ਸਬੰਧੀ ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਜਦੋਂ ਤੱਕ ਮ੍ਰਿਤਕ ਚਰਨਪ੍ਰੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਉਹ ਪੀੜਿਤ ਪਰਿਵਾਰ ਨਾਲ ਖੜੇ ਰਹਿਣਗੇ।