ਘੜੂੰਆਂ ਨਗਰ ਕੌਂਸਲ ਨੂੰ ਜ਼ਮੀਨ ਦੀ ਜਲਦ ਉਪਲਬਧਤਾ ਕਰਵਾਉਣ ਲਈ ਕਿਹਾ
ਸਵੱਛ ਭਾਰਤ ਮਿਸ਼ਨ 2.0 ਤਹਿਤ ਲੋੜੀਂਦੇ ਵਾਹਨ ਤੇ ਮਸ਼ੀਨਰੀ ਨੂੰ ਖਰੀਦ ਕੇ ਕਾਰਜਸ਼ੀਲ ਕਰਨ ਲਈ ਹਦਾਇਤ ਕੀਤੀ
ਜ਼ਿਲ੍ਹਾ ਵਾਤਾਵਰਣ ਕਮੇਟੀ ਦੀ ਮੀਟਿੰਗ ਦੌਰਾਨ ਸਿੰਗਲ ਪਲਾਸਟਿਕ ਅਤੇ ਪੋਲੀਥੀਨ ਦੇ ਲਿਫ਼ਾਫ਼ਿਆਂ ਦੀ ਵਰਤੋਂ ਸਖਤੀ ਨਾਲ ਰੋਕਣ ਲਾਉਣ ਲਈ ਕਿਹਾ
ਮੋਹਾਲੀ : ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਜ਼ਿਲ੍ਹੇ ’ਚ ਬਣਨ ਵਾਲੇ ਸੀਵੇਜ ਟ੍ਰੀਟਮੈਂਟ ਪਲਾਂਟ, ਵਾਟਰ ਟ੍ਰੀਟਮੈਂਟ ਪਲਾਂਟ ਅਤੇ ਟਿਊਬਵੈਲਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਸਬੰਧਤ ਕਾਰਜ ਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਜਨਤਕ ਮਹੱਤਤਾ ਵਾਲੇ ਅਹਿਮ ਪ੍ਰਾਜੈਕਟਾਂ ਦੀ ਜਲਦ ਉਸਾਰੀ ਕਰਵਾਉਣ ਲਈ ਜਲ ਸਪਲਾਈ ਅਤੇ ਸੀਵਰੇਜ ਬੋਰਡ ਨਾਲ ਬੇਹਤਰ ਤਾਲਮੇਲ ਬਣਾਉਣ। ਉਨ੍ਹਾਂ ਕਿਹਾ ਕਿ ਖਰੜ ’ਚ ਖਾਨਪੁਰ ਤੇ ਖੂਨੀ ਮਾਜਰਾ, ਕੁਰਾਲੀ, ਨਵਾਂ ਗਾਉਂ, ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ’ਚ ਜਗ੍ਹਾ ਦੀ ਉਪਬਧਤਾ ਹੋਣ ਬਾਅਦ ਹੁਣ ਅਗਲਾ ਕੰਮ ਟੈਂਡਰ ਪ੍ਰਕਿਰਿਆ ਮੁਕੰਮਲ ਕਰਨ ਦਾ ਹੈ, ਜਿਸ ਲਈ ਨਗਰ ਕੌਂਸਲਾਂ ਆਪੋ-ਆਪਣੇ ਪੱਧਰ ’ਤੇ ਜਲ ਸਪਲਾਈ ਤੇ ਸੀਵਰੇਜ ਬੋਰਡ ਨਾਲ ਤਾਲਮੇਲ ਰੱਖਣ। ਉਨ੍ਹਾਂ ਨੇ ਘੜੂੰਆਂ ’ਚ ਢੁਕਵੀਂ ਜ਼ਮੀਨ ਦੀ ਉਪਲਬਧਤਾ ਨਾ ਹੋਣ ਕਾਰਨ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਇਸ ਸਬੰਧੀ ਢੁਕਵੀਂ ਜ਼ਮੀਨ ਦੀ ਤੁਰੰਤ ਭਾਲ ਕਰਕੇ ਅਗਲੇਰੀ ਕਾਰਵਾਈ ਕਰਨ ਲਈ ਆਖਿਆ। ਉਨ੍ਹਾਂ ਨੇ ਇਕੱਲੇ-ਇਕੱਲੇ ਪ੍ਰਾਜੈਕਟ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਂਦਿਆਂ ਖਰੜ ਅਤੇ ਕੁਰਾਲੀ ਦੇ ਵਾਟਰ ਟ੍ਰੀਟਮੈਂਟ ਪਲਾਂਟਾਂ (ਪੀਣ ਵਾਲੇ ਨਹਿਰੀ ਪਾਣੀ ਦੀ ਸਪਲਾਈ) ਅਤੇ ਵੱਖ-ਵੱਖ ਨਗਰ ਕੌਂਸਲਾਂ ’ਚ ਲੱਗਣ ਵਾਲੇ ਪੀਣ ਵਾਲੇ ਪਾਣੀ ਦੇ ਟਿਊਬਵੈਲਾਂ ਦੀ ਪ੍ਰਗਤੀ ਬਾਰੇ ਵੀ ਪੁੱਛਿਆ। ਵਧੀਕ ਡਿਪਟੀ ਕਮਿਸ਼ਨਰ ਨੇ ਸਵੱਛ ਭਾਰਤ ਮਿਸ਼ਨ 2.0 ਤਹਿਤ ਨਗਰ ਨਿਗਮ ਅਤੇ ਨਗਰ ਕੌਂਸਲਾਂ ਵੱਲੋਂ ਖਰੀਦੇ ਜਾਣ ਵਾਲੇ ਵਾਹਨਾਂ ਅਤੇ ਮਸ਼ੀਨਰੀ ਦੀ ਖਰੀਦ ਦਾ ਜਾਇਜ਼ਾ ਲੈਂਦਿਆਂ ਹਦਾਇਤ ਕੀਤੀ ਕਿ ਇਨ੍ਹਾਂ ਲਈ ਮਿਲੀ ਗ੍ਰਾਂਟ ਦੇ ਵਰਤੋਂ ਸਰਟੀਫ਼ਿਕੇਟ, ਇਨ੍ਹਾਂ ਵਾਹਨਾਂ ਦੀ ਰਜਿਸਟ੍ਰੇਸ਼ਨ ਅਤੇ ਚਾਲਕਾਂ ਬਾਰੇ ਵਿਸਥਾਰ ’ਚ ਜਾਣਕਾਰੀ ਉਨ੍ਹਾਂ ਦੇ ਦਫ਼ਤਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ।
ਉਨ੍ਹਾਂ ਨੇ ਬਾਰਸ਼ ਦੇ ਦਿਨਾਂ ’ਚ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਤੋਂ ਪਹਿਲਾਂ ਉਸ ਦੀ ਕਲੋਰੀਨੇਸ਼ਨ ਯਕੀਨੀ ਬਣਾਉਣ ਲਈ ਵੀ ਕਿਹਾ ਤਾਂ ਜੋ ਲੋਕਾਂ ਨੂੰ ਦੂਸ਼ਿਤ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ ਸ਼ਿਕਾਰ ਨਾ ਹੋਣਾ ਪਵੇ। ਉਨ੍ਹਾਂ ਨੇ ਇਸ ਤੋਂ ਇਲਾਵਾ ਨਿਯਮਿਤ ਤੌਰ ’ਤੇ ਮੱਛਰਾਂ ਦੀ ਰੋਕਥਾਮ ਲਈ ਫ਼ੋਗਿੰਗ ਵੀ ਕਰਦੇ ਰਹਿਣ ਲਈ ਆਖਿਆ। ਜ਼ਿਲ੍ਹਾ ਵਾਤਾਵਰਣ ਕਮੇਟੀ ਦੀ ਮੀਟਿੰਗ ਦੌਰਾਨ ਦੱਪੜ, ਮੱਗਰ, ਲਾਲੜੂ ਮੰਡੀ, ਹਰੀਪੁਰ, ਮੀਰਪੁਰ, ਈਸਾਪੁਰ, ਸਨੌਲੀ, ਖਾਨਪੁਰ, ਖੂਨੀ ਮਾਜਰਾ ਅਤੇ ਨਵਾਂ ਗਾਉਂ ਵਿਖੇ ਬਣਨ ਵਾਲੇ ਨਵੇਂ ਐਸ ਟੀ ਪੀਜ਼ ਅਤੇ ਸੈਕਟਰ 83 ਵਿਖੇ ਉਸਾਰੀ ਅਧੀਨ ਐਸ ਟੀ ਪੀ ਦੇ ਕੰਮ ਜਲਦੀ ਸ਼ੁਰੂ ਕਰਨ ’ਤੇ ਚਰਚਾ ਹੋਈ। ਇਸ ਦੇ ਨਾਲ ਹੀ ਜ਼ਿਲ੍ਹੇ ’ਚ ਮੌਜੂਦ 101.8 ਮਿਲੀਅਨ ਲੀਟਰ ਪ੍ਰਤੀ ਦਿਨ ਦੀ ਸਮਰੱਥਾ ਵਾਲੇ ਪਲਾਂਟਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਵੀ ਲਿਆ ਗਿਆ। ਘੱਗਰ ਨਾਲ ਲੱਗਦੀਆਂ ਸਨਅਤੀ ਇਕਾਈਆਂ ਵੱਲੋਂ ਲਗਾਏ ਗਏ ਈ ਟੀ ਪੀ (ਸਨਅਤੀ ਗੰਦੇ ਪਾਣੀ ਸੋਧਕ ਪਲਾਂਟ) ਦੀ ਵੀ ਲਗਾਤਾਰ ਮੋਨੀਟਿਰਿੰਗ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ। ਜ਼ਿਲ੍ਹੇ ’ਚ ਸਿੰਗਲ ਯੂਜ਼ ਪਲਾਸਿਟਕ ਅਤੇ ਪੋਲੀਥੀਨ ਲਿਫ਼ਾਫ਼ਿਆਂ ਦੀ ਵਰਤੋਂ ਨੂੰ ਸਖ਼ਤੀ ਨਾਲ ਬੰਦ ਕਰਨ ਲਈ ਜ਼ਮੀਨੀ ਪੱਧਰ ’ਤੇ ਕਾਰਵਾਈ ਤੇਜ਼ ਕਰਨ ਲਈ ਕਿਹਾ ਗਿਆ। ਇਸ ਦੇ ਨਾਲ ਹੀ ਨਵੇਂ ਬਣ ਰਹੇ ਐਸ ਟੀ ਪੀਜ਼ ਵੱਲੋਂ ਸੋਧੇ ਜਾਣ ਵਾਲੇ ਗੰਦੇ ਪਾਣੀ ਦੀ ਸੋਧਣ ਉਪਰੰਤ ਮੁੜ ਵਰਤੋਂ ਲਈ ਵੀ ਹੁਣ ਤੋਂ ਹੀ ਯੋਜਨਾ ਉਲੀਕਣ ਲਈ ਕਿਹਾ ਗਿਆ ਤਾਂ ਜੋ ਪਾਣੀ ਦੀ ਸੁਚੱਜੀ ਵਰਤੋਂ ਹੋ ਸਕੇ। ਮੀਟਿੰਗ ’ਚ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਰਣਤੇਜ ਸ਼ਰਮਾ, ਕਾਰਜ ਸਾਧਕ ਅਫ਼ਸਰ ਜਗਜੀਤ ਸਿੰਘ ਡੇਰਾਬੱਸੀ, ਗੁਰਬਖਸ਼ੀਸ਼ ਸਿੰਘ ਲਾਲੜੂ, ਵੀਰੇਂਦਰ ਜੈਨ ਬਨੂੜ, ਅਸ਼ੋਕ ਕੁਮਾਰ ਜ਼ੀਰਕਪੁਰ, ਪਰਵਿੰਦਰ ਸਿੰਘ ਭੱਟੀ ਕੁਰਾਲੀ ਅਤੇ ਨਗਰ ਨਿਗਮ ਮੋਹਾਲੀ ਤੋਂ ਕਾਰਜਕਾਰੀ ਇੰਜੀਨੀਅਰ ਕਮਲਦੀਪ ਸਿੰਘ ਵੀ ਮੌਜੂਦ ਸਨ।