ਮੋਹਾਲੀ : ਜ਼ਿਲ੍ਹਾ ਸੜ੍ਹਕ ਸੁਰੱਖਿਆ ਕਮੇਟੀ ਦੀ ਵਧੀਕ ਡਿਪਟੀ ਕਮਿਸ਼ਨਰ ਦਮਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਹੋਈ ਮੀਟਿੰਗ ’ਚ ਮੋਹਾਲੀ ਦੀਆਂ ਸੜ੍ਹਕਾਂ ’ਤੇ ਸੁਰੱਖਿਅਤ ਡਰਾਇਵਿੰਗ ਨੂੰ ਯਕੀਨੀਣ ਬਣਾਉਣ ’ਤੇ ਜ਼ੋਰ ਦਿੱਤਾ ਗਿਆ। ਮੈਂਬਰ ਸਕੱਤਰ ਪ੍ਰਦੀਪ ਸਿੰਘ ਢਿੱਲੋਂ, ਰੀਜਨਲ ਟ੍ਰਾਂਸਪੋਰਟ ਅਫ਼ਸਰ, ਐੱਸ ਏ ਐੱਸ ਨਗਰ ਨੇ ਦੱਸਿਆ ਕਿ ਪਿਛਲੇ ਮਹੀਨੇ ਦੇ ਕ੍ਰੈਸ਼ ਡੈਟਾ ਅਨੁਸਾਰ ਜ਼ਿਲ੍ਹੇ ’ਚ ਸੜ੍ਹਕ ਹਾਦਸਿਆਂ ਦੀ ਦਰ ’ਚ ਕਮੀ ਦਰਜ ਕੀਤੀ ਗਈ ਹੈ, ਜਿਸ ਮੁਤਾਬਕ 6 ਫ਼ੀਸਦੀ ਘੱਟ ਹਾਦਸੇ ਦਰਜ ਕੀਤੇ ਗਏ। ਉਨ੍ਹਾਂ ਕਿਹਾ ਕਿ ਸਬੰਧਤ ਹਿੱਸੇਦਾਰਾਂ ਜਿਨ੍ਹਾਂ ’ਚ ਗਮਾਡਾ, ਸਥਾਨਕ ਸਰਕਾਰ ਸੰਸਥਾਂਵਾਂ, ਨੈਸ਼ਨਲ ਹਾਈਵੇਅ ਅਥਾਰਟੀ ਆਦਿ ਦੇ ਸਹਿਯੋਗ ਨਾਲ ਬਲੈਕ ਸਪਾਟਸ ਨੂੰ ਖਤਮ ਕੀਤਾ ਜਾ ਰਿਹਾ ਹੈ ਤਾਂ ਜੋ ਸੁਰੱਖਿਅਤ ਡਰਾਇਵਿੰਗ ਨੂੰ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਨਵੇਂ ਕਾਨੂੰਨਾਂ ਮੁਤਾਬਕ ਨਬਾਲਗ਼ ਦੇ ਡਰਾਇਵਿੰਗ ਕਰਨ ’ਤੇ ਮਾਪਿਆਂ ਨੂੰ ਸਖਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ, ਜਿਸ ਤਹਿਤ 25 ਹਜ਼ਾਰ ਰੁਪਏ ਦਾ ਜੁਰਮਾਨਾ ਜਾਂ ਤਿੰਨ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸ ਲਈ ਮਾਂ-ਬਾਪ ਆਪਣੇ ਨਬਾਲਗ਼ ਬੱਚਿਆਂ ਨੂੰ ਦੁਪਹੀਆ ਜਾਂ ਚਾਰ-ਪਹੀਆ ਵਾਹਨ ਦੇਣ ਤੋਂ ਪਹਿਲਾਂ ਇਸ ਨਵੇਂ ਕਾਨੂੰਨੀ ਉਪਬੰਧ ਦਾ ਜ਼ਰੂਰ ਖਿਆਲ ਰੱਖਣ।
ਮੀਟਿੰਗ ’ਚ ਹਾਜ਼ਰ ਐਨ ਜੀ ਓ ਨੁਮਾਇੰਦੇ ਹਰਪ੍ਰੀਤ ਸਿੰਘ ਨੇ ਡਰਾਇਵਰਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਂਵਾਰੀਆਂ ਪ੍ਰਤੀ ਜਾਣੂ ਕਰਵਾਉਣ ਲਈ ਉਨ੍ਹਾਂ ਦੇ ‘ਓਰੀਐਨਟੇਸ਼ਨ’ ਕੋਰਸ ਕਰਵਾਏ ਜਾਣ ਦਾ ਸੁਝਾਅ ਦਿੱਤਾ ਅਤੇ ਖਰੜ-ਕੁਰਾਲੀ ਰੋਡ ’ਤੇ ਸਹੋੜਾ ਨੇੜੇ ਟ੍ਰੈਫ਼ਿਕ ਲਾਈਟਾਂ ਨਾ ਚੱਲਣ ਕਾਰਨ ਆ ਰਹੀ ਮੁਸ਼ਕਿਲ ਦਾ ਮੁੱਦਾ ਉਠਾਇਆ। ਵਧੀਕ ਡਿਪਟੀ ਕਮਿਸ਼ਨਰ ਦਮਨਜੀਤ ਸਿੰਘ ਮਾਨ ਨੇ ‘ਓਰੀਐਨਟੇਸ਼ਨ’ ਕੋਰਸ ਬਾਰੇ ਡਿਪਟੀ ਕਮਿਸ਼ਨਰ ਦੇ ਧਿਆਨ ’ਚ ਲਿਆ ਕੇ ਅਗਲੇਰੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਜਦਕਿ ਟ੍ਰੈਫ਼ਿਕ ਲਾਈਟਾਂ ਬੰਦ ਹੋਣ ਬਾਰੇ ਉੁਨ੍ਹਾਂ ਜਲਦ ਇਨ੍ਹਾਂ ਨੂੰ ਚਲਵਾਉਣ ਦਾ ਭਰੋਸਾ ਦਿੱਤਾ।
ਉਨ੍ਹਾਂ ਨੇ ਹਰਪ੍ਰੀਤ ਸਿੰਘ ਦੇ ‘ਸੇਫ਼ ਜੰਕਸ਼ਨ ਡਿਜ਼ਾਇਨ’ ’ਤੇ ਆਰਕੀਟੈਕਚਰ ਕੋਰਸ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਉਣ ਦੇ ਸੁਝਾਅ ਨੂੰ ਵੀ ਡਿਪਟੀ ਕਮਿਸ਼ਨਰ ਦੇ ਧਿਆਨ ’ਚ ਲਿਆਉਣ ਦਾ ਭਰੋਸਾ ਦਿੱਤਾ।