ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਵੋਟਾਂ ਬਣਾਉਣ ਦੀ ਆਖ਼ਰੀ ਮਿਤੀ ਵਿੱਚ ਵਾਧਾ ਕਰ ਕੀਤਾ ਗਿਆ ਹੈ ਅਤੇ ਹੁਣ ਵੋਟਾਂ ਬਣਾਉਣ ਲਈ 16 ਸਤੰਬਰ, 2024 ਤੱਕ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ 02 ਅਕਤੂਬਰ ਤੱਕ ਦਾਅਵੇ ਅਤੇ ਇਤਰਾਜ ਦਰਜ ਕਰਵਾਏ ਜਾ ਸਕਦੇ ਹਨ ਅਤੇ 08 ਨਵੰਬਰ ਨੂੰ ਦਾਅਵੇ ਤੇ ਇਤਰਾਜਾਂ ਦਾ ਨਿਪਟਾਰਾ ਕੀਤਾ ਜਾਵੇਗਾ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ 26 ਨਵੰਬਰ ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਇਹ ਵਾਧਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਯੋਗਤਾ ਪੂਰੀ ਕਰਦੇ ਵੋਟਰ ਆਪਣੀ ਵੋਟ ਬਣਵਾ ਸਕਣ। ਡਿਪਟੀ ਕਮਿਸ਼ਨਰ ਅਨੁਸਾਰ ਪਿੰਡਾਂ ਵਿੱਚ ਵੋਟਾਂ ਬਣਵਾਉਣ ਲਈ ਪਟਵਾਰੀ ਨੂੰ ਫ਼ਾਰਮ ਦਿੱਤੇ ਜਾ ਸਕਦੇ ਹਨ ਜਦਕਿ ਸ਼ਹਿਰਾਂ ਵਿੱਚ ਨਗਰ ਕੌਂਸਲ/ਨਿਗਮ ਵਿੱਚ ਫ਼ਾਰਮ ਜਮ੍ਹਾਂ ਕਰਵਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਐਸ ਡੀ ਐਮਜ਼ ਜੋ ਕਿ ਇਸ ਮਤਦਾਤਾ ਰਜਿਸਟ੍ਰੇਸ਼ਨ ਲਈ ਰਿਵਾਈਜ਼ਿੰਗ ਅਥਾਰਟੀ ਅਫ਼ਸਰ ਵੀ ਹਨ, ਦੇ ਦਫ਼ਤਰਾਂ ਵਿੱਚ ਵੀ ਫ਼ਾਰਮ ਜਮ੍ਹਾਂ ਕਰਵਾਏ ਜਾ ਸਕਦੇ ਹਨ।