ਮੋਹਾਲੀ : ਖਰੜ ਤਹਿਸੀਲ ਦੇ ਪਿੰਡ ਰੋੜਾ ਵਿੱਚ ਪੰਚਾਇਤੀ ਜ਼ਮੀਨ ’ਤੇ ਪਿੰਡ ਦੇ ਹੀ ਇਕ ਵਸਨੀਕ ਵੱਲੋਂ ਕਬਜ਼ਾ ਕੀਤਾ ਜਾ ਰਿਹਾ ਹੈ। ਇਸ ਦੀ ਸ਼ਿਕਾਇਤ ਪਿੰਡ ਦੇ ਕੁੱਝ ਮੋਹਤਬਰ ਵਿਅਕਤੀਆਂ ਵੱਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਖਰੜ ਦੇ ਦਫ਼ਤਰ ਵਿੱਚ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਪਿੰਡ ਰੋੜਾ ਵਿੱਚ ਪੈਂਦੇ ਪੰਚਾਇਤ ਘਰ ਦੇ ਸਾਹਮਣੇ ਪਿੰਡ ਦੇ ਇਕ ਵਿਅਕਤੀ ਵੱਲੋਂ ਆਪਣੇ ਮਕਾਨ ਦੀ ਉਸਾਰੀ ਦੌਰਾਨ ਕਬਜ਼ਾ ਕੀਤਾ ਜਾ ਰਿਹਾ ਹੈ। ਇਸ ਵਿਅਕਤੀ ਨੇ ਪੰਚਾਇਤ ਘਰ ਦੇ ਸਾਹਮਣੇ ਸਾਂਝੀ ਜਗ੍ਹਾ ’ਤੇ ਪਖਾਨੇ ਵਾਸਤੇ ਟੈਂਕ ਦੀ ਉਸਾਰੀ ਕੀਤੀ ਗਈ ਹੈ ਅਤੇ ਕੁੱਝ ਹਿੱਸੇ ਵਿੱਚ ਦੀਵਾਰ ਵੀ ਬਣਾਈ ਗਈ ਹੈ। ਇਸ ਸਬੰਧੀ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਇਤਰਾਜ਼ ਪ੍ਰਗਟਾਉਂਦਿਆਂ ਇਸ ਨਾਜਾਇਜ਼ ਉਸਾਰੀ ਦੀ ਸ਼ਿਕਾਇਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਖਰੜ ਦੇ ਦਫ਼ਤਰ ਵਿੱਚ ਕਰ ਦਿੱਤੀ ਹੈ।
ਜਦੋਂ ਇਸ ਸਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਖਰੜ ਨਾਲ ਉਨ੍ਹਾਂ ਦੇ ਫ਼ੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਹਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਲਿਖਤੀ ਸ਼ਿਕਾਇਤ ਆਈ ਹੈ ਅਤੇ ਉਹ ਇਸ ਨਾਜਾਇਜ਼ ਉਸਾਰੀ ਸਬੰਧੀ ਤੁਰਤ ਕਾਰਵਾਈ ਅਮਲ ਵਿੱਚ ਲਿਆਉਣਗੇ ਪਰ ਜਦੋਂ ਪਿੰਡ ਰੋੜਾ ਵਿੱਚ ਹੋ ਰਹੇ ਕਬਜ਼ੇ ਸਬੰਧੀ ਪੰਚਾਇਤ ਸੈਕਟਰੀ ਮੈਡਮ ਨਾਲ ਫ਼ੋਨ ’ਤੇ ਰਾਬਤਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਈ ਵਾਰ ਫ਼ੋਨ ’ਤੇ ਫ਼ੋਨ ਚੁਕਿਆ ਹੀ ਨਹੀਂ।
ਮੇਰੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕਬਜ਼ਾ ਨਹੀਂ ਕੀਤਾ ਗਿਆ
ਜਦੋਂ ਪਿੰਡ ਰੋੜਾ ਦੇ ਵਸਨੀਕ ਨਾਲ ਫ਼ੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਪੰਚਾਇਤ ਦੀ ਜਗ੍ਹਾ ’ਤੇ ਮੇਰੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਕਬਜ਼ਾ ਨਹੀਂ ਕੀਤਾ ਗਿਆ। ਮੈਂ ਆਪਣੀ ਜਗ੍ਹਾ ਵਿੱਚ ਹੀ ਉਸਾਰੀ ਕਰ ਰਿਹਾ ਹੈ। ਵਿਅਕਤੀ ਨੇ ਇਹ ਵੀ ਦਸਿਆ ਕਿ ਉਸ ਨੂੰ ਹੁਣ ਤੱਕ ਕਿਸੇ ਵੀ ਪੰਚਾਇਤ ਦੇ ਮੈਂਬਰਾਂ ਜਾਂ ਮੋਹਤਬਰਾਂ ਵੱਲੋਂ ਆ ਕੇ ਰੋਕਿਆ ਹੀ ਨਹੀਂ ਗਿਆ।
ਪਿੰਡ ਰੋੜਾ ਦੇ ਮੋਹਤਬਰ ਵਿਅਕਤੀਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਪਾਸੇ ਤੁਰਤ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਦੋ ਵਾਰ ਸ਼ਿਕਾਇਤ ਕਰ ਚੁੱਕੇ ਹਨ ਅਤੇ ਉਹ ਸੈਕਟਰੀ ਮੈਡਮ ਨੂੰ ਫ਼ੋਨ ਕਰ ਕੇ ਜਾਣਕਾਰੀ ਦੇਣਾ ਚਾਹੁੰਦੇ ਹਨ ਪਰ ਮੈਡਮ ਫ਼ੋਨ ਹੀ ਨਹੀਂ ਚੁੱਕਦੇ।