ਕੁਰਾਲੀ : ਇੱਥੋਂ ਨੇੜਲੇ ਇਤਿਹਾਸਿਕ ਕਸਬੇ ਖਿਜਰਾਬਾਦ ਵਿਖੇ ਅੱਜ ਪਿੰਡ ਵਾਸੀਆਂ ਵੱਲੋਂ ਉਘੇ ਸਮਾਜ ਸੇਵੀ ਰਾਣਾ ਕੁਸ਼ਲਪਾਲ ਦੀ ਅਗਵਾਈ ਵਿੱਚ ਤੀਆਂ ਦਾ ਮੇਲਾ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜਰ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਤੀਆਂ ਦੇ ਇਸ ਮੇਲੇ ਦੀਆਂ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਸਮਾਜਿਕ ਅਤੇ ਸੱਭਿਆਚਾਰਕ ਤਿਉਹਾਰ ਪੰਜਾਬੀ ਵਿਰਸੇ ਦੀ ਚੜਦੀ ਕਲਾ ਦਾ ਪ੍ਰਤੀਕ ਹਨ ਅਤੇ ਨਾਲ ਹੀ ਅੱਜ ਸਮੁੱਚੇ ਰਾਜ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਮਨਾਏ ਜਾ ਰਹੇ ਸੱਭਿਆਚਾਰਕ ਤਿਉਹਾਰ ਸੂਬੇ ਦੇ ਲੋਕਾਂ ਦੀ ਖੁਸ਼ਹਾਲੀ ਦਾ ਪ੍ਰਮਾਣ ਹਨ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਅੱਜ ਪੰਜਾਬ ਰਾਜ ਸਮੁੱਚੇ ਖੇਤਰਾਂ ਵਿੱਚ ਪਿਛਲੀਆਂ ਸਰਕਾਰਾਂ ਨਾਲ ਕਿਤੇ ਵੱਧ ਤਰੱਕੀ ਕਰ ਰਿਹਾ ਹੈ, ਕਿਉਂਕਿ ਮੁੱਖ ਮੰਤਰੀ ਖੁਦ ਜਮੀਨੀ ਪੱਧਰ ਤੇ ਲੋਕਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਬਿਲਕੁਲ ਖਤਮ ਹੋ ਚੁੱਕਾ ਹੈ ਅਤੇ ਨਾਲ ਹੀ ਲੋਕਾਂ ਦੀਆਂ ਸਮੁੱਚੀਆਂ ਸਮੱਸਿਆਵਾਂ ਹੱਲ ਕਰਨ ਲਈ ਪੰਜਾਬ ਦੇ ਸਰਕਾਰੀ ਅਧਿਕਾਰੀ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਖੁਦ ਅੱਗੇ ਆ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਕਸਬੇ ਅਤੇ ਨੇੜਲੇ ਪਿੰਡਾਂ ਦੀਆਂ ਔਰਤਾਂ ਨੇ ਇਸ ਤੀਆਂ ਦੇ ਇਸ ਮੇਲੇ ਵਿੱਚ ਭਾਗ ਲਿਆ। ਤੀਆਂ ਦੇ ਇਸ ਮੇਲੇ ਦੌਰਾਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਖੁਦ ਪਿੰਡ ਦੀਆਂ ਕੁੜੀਆਂ ਅਤੇ ਔਰਤਾਂ ਨਾਲ ਗਿੱਧਾ ਪਾਇਆ ਅਤੇ ਡੀ.ਜੇ. ਦੀ ਬੀਟ ਤੇ ਭੰਗੜਾ ਪਾਉਂਦਿਆਂ ਤਿਉਹਾਰ ਮੌਕੇ ਖੁਸ਼ੀਆਂ ਦੇ ਇਹ ਪਲ ਸਾਂਝੇ ਕੀਤੇ। ਇਸ ਮੌਕੇ ਪਿੰਡ ਦੇ ਮੋਹਤਬਰਾਂ ਅਤੇ ਰਾਣਾ ਕੁਸ਼ਲਪਾਲ ਵੱਲੋਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੇਲੇ ਦੌਰਾਨ ਹੋਰਨਾਂ ਤੋਂ ਇਲਾਵਾ ਗੁਰਿੰਦਰ ਸਿੰਘ ਸਰਪੰਚ, ਹਰੀਸ਼ ਰਾਣਾ ਮਾਰਕੀਟ ਕਮੇਟੀ ਕੁਰਾਲੀ, ਸੰਦੀਪ ਕੌਰ ਮੈਂਬਰ ਬਲਾਕ ਸੰਮਤੀ, ਬਲਜਿੰਦਰ ਕੌਰ, ਨਰਿੰਦਰ ਕੌਰ, ਰੁਪਿੰਦਰ ਕੌਰ, ਸਰਬਜੀਤ ਕੌਰ, ਇਕਬਾਲ ਕੌਰ ਪ੍ਰਿੰਸੀਪਲ, ਰੂਪਾ ਕਵਰ, ਸਤਨਾਮ ਸਿੰਘ ਸੱਤਾ, ਪਰਦੀਪ ਰਾਣਾ ਥਾਣਾ ਗੋਬਿੰਦਗੜ੍ਹ ਸਮੇਤ ਇਲਾਕੇ ਦੇ ਮੋਹਤਬਰ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਿੰਡਾਂ ਦੀਆਂ ਔਰਤਾਂ ਅਤੇ ਕੁੜੀਆਂ ਨੇ ਹਿੱਸਾ ਲਿਆ।