ਰਾਜਪੁਰਾ : ਪੰਜਾਬ ਦੇ ਮੁੱਖ ਮੰਤਰੀ ਸ੍ਰ਼ ਭਗਵੰਤ ਸਿੰਘ ਮਾਨ ਵਲੋਂ ਪਿਛਲੇ ਦਿਨੀਂ ਅਚਾਨਕ ਰਾਜਪੁਰਾ ਦੀ ਤਹਿਸੀਲ ਦਾ ਦੌਰਾ ਕਰਕੇ ਦਾਅਵਾ ਕੀਤਾ ਗਿਆ ਸੀ ਕਿ ਲੋਕ ਸਰਕਾਰ ਦੀ ਕਾਰਗੁਜਾਰੀ ਤੋਂ ਬਹੁਤ ਖੁਸ ਹਨ ਅਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਮਿਲ ਰਹੀ ਹੈ ਪਰੰਤੂ ਜਮੀਨੀ ਹਾਲਾਤ ਇਹ ਹਨ ਕਿ ਇੱਥੇ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਲਈ ਵੀ ਤੰਗ ਹੋਣਾ ਪੈ ਰਿਹਾ ਹੈ।
ਰਾਜਪੁਰਾ ਦੀ ਮਿੰਨੀ ਸੈਕਟਰੀਏਟ ਵਿੱਚ ਸਾਰੇ ਦਫਤਰ ਮੌਜੂਦ ਹਨ ਪਰੰਤੂ ਜਮੀਨੀ ਹਾਲਾਤ ਇਹ ਹਨ ਕਿ ਇੱਥੇ ਬਣਿਆ ਸੁਵਿਧਾ ਸੈਂਟਰ ਆਪਣੇ ਹਾਲ ਤੇ ਹੰਝੂ ਵਹਾ ਰਿਹਾ ਹੈ ਪਰੰਤੂ ਉਸ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਇੱਥੇ ਆਉਣ ਵਾਲੇ ਲੋਕਾਂ ਦੀ ਸੁਵਿਧਾ ਤੇ ਲਈ ਨਾ ਤਾਂ ਪਾਣੀ ਦਾ ਪ੍ਰਬੰਧ ਹੈ ਨਾ ਹੀ ਉਹਨਾਂ ਲਈ ਬਾਥਰੂਮ ਦੀ ਸੁਵਿਧਾ ਦਾ ਕੋਈ ਪ੍ਰਬੰਧ ਹੈ। ਇਸ ਤਹਿਸੀਲ ਵਿੱਚ ਰੋਜਾਨਾ ਵੱਡੇ ਪੱਧਰ ਤੇ ਰਜਿਸਟਰੀਆਂ ਕੀਤੀਆਂ ਜਾਂਦੀਆਂ ਹਨ ਤੇ ਲੋਕ ਆਪਣੇ ਕੰਮ ਕਾਜ ਕਰਾਉਣ ਲਈ ਸੰਬੰਧਿਤ ਵਿਭਾਗਾਂ ਵਿੱਚ ਆ ਕੇ ਅਫਸਰਾਂ ਨੂੰ ਮਿਲਦੇ ਹਨ ਜਿਹਨਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਹੁੰਦੀਆਂ ਹਨ ਨੂੰ ਬਾਥਰੂਮ ਦੀ ਸੁਵਿਧਾ ਲਈ ਤੰਗ ਹੋਣਾ ਪੈਂਦਾ ਹੈ। ਔਰਤਾਂ ਲਈ ਇਥੇ ਜਿੰਨੇ ਵੀ ਬਾਥਰੂਮ ਬਣੇ ਹਨ, ਉਹਨਾਂ ਸਾਰਿਆਂ ਤੇ ਤਾਲੇ ਲੱਗੇ ਹੋਏ ਹਨ।
ਗਰਮੀ ਦੇ ਮੌਸਮ ਦੌਰਾਨ ਬੰਦਾ ਕਿਸੇ ਵੀ ਥਾਂ ਤੇ ਪਹੁੰਚ ਕੇ ਸਭ ਤੋਂ ਪਹਿਲਾਂ ਪਾਣੀ ਦੀ ਮੰਗ ਕਰਦਾ ਹੈ। ਰਾਜਪੁਰਾ ਤਹਿਸੀਲ ਵਿੱਚ ਵਾਟਰ ਕੂਲਰ ਜਰੂਰ ਲੱਗੇ ਦਿਖਦੇ ਹਨ ਪਰ ਉਹਨਾਂ ਵਿੱਚ ਪਾਣੀ ਨਹੀਂ ਹੈ। ਇਹਨਾਂ ਵਿੱਚ ਜਿਹੜੇ ਫਿਲਟਰ ਲੱਗੇ ਹੋਏ ਹਨ ਉਹ ਵੀ ਪੁਰਾਣੇ ਹਨ ਅਤੇ ਲੱਗਦਾ ਹੈ ਕਿ ਇਹ ਕਦੇ ਵੀ ਨਹੀਂ ਬਦਲੇ ਗਏ।
ਇੱਥੇ ਜਿਹੜੇ ਬਾਥਰੂਮ ਖੁੱਲੇ ਹਨ ਉਹਨਾਂ ਦੀ ਸਫਾਈ ਦਾ ਬਹੁਤ ਮਾੜਾ ਹਾਲ ਹੈ। ਇਹਨਾਂ ਵਿੱਚ ਵਾਸਬੇਸਿਨ ਤੇ ਟੂਟੀਆਂ ਵੀ ਗਾਇਬ ਹਨ ਅਤੇ ਭਾਰੀ ਗੰਦਗੀ ਕਰਨ ਇਹ ਲੋਕਾਂ ਦੀ ਅਸੁਵਿਧਾ ਦਾ ਕਰਨ ਬਣੇ ਹਨ। ਬੀਤੇ ਦਿਨੀਂ ਇੱਥੇ ਅਚਨਚੇਤ ਦੌਰਾ ਕਰਨ ਆਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਦੀ ਮੁਸਕਿਲਾਂ ਸੁਣ ਕੇ ਉਹਨਾਂ ਦਾ ਛੇਤੀ ਹਲ ਕਰਨ ਦਾ ਭਰੋਸਾ ਤਾਂ ਦਿੱਤਾ ਗਿਆ ਸੀ ਪਰੰਤੂ ਹੁਣ ਤਕ ਕੋਈ ਕਾਰਵਾਈ ਨਹੀਂ ਹੋਈ ਹੈ।
ਇਸ ਸੰਬੰਧੀ ਗੱਲ ਕਰਨ ਤੇ ਤਹਿਸੀਲਦਾਰ ਸ੍ਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਸੀ ਅਤੇ ਹੁਣ ਇਸਦੇ ਜਾਣਕਾਰੀ ਵਿੱਚ ਆ ਜਾਣ ਤੋਂ ਬਾਅਦ ਐਸ ਡੀ ਐਮ ਸਾਹਿਬ ਨਾਲ ਗੱਲ ਕਰਕੇ ਇਸ ਨੂੰ ਤੁਰੰਤ ਠੀਕ ਕਰਵਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਪੀਣ ਵਾਲੇ ਪਾਣੀ ਦਾ ਇੰਤਜਾਮ ਕਰਨ ਦੇ ਨਾਲ ਨਾਲ ਬਾਥਰੂਮਾਂ ਦੀ ਸਫਾਈ ਵੀ ਕਰਵਾ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇੱਥੇ ਸਫਾਈ ਸੇਵਕ ਦੀ ਅਸਾਮੀ ਲਈ ਵੀ ਲਿਖ ਕੇ ਦਿੱਤਾ ਹੋਇਆ ਹੈ ਅਤੇ ਸਫਾਈ ਵਿਵਸਥਾ ਵੀ ਛੇਤੀ ਹੀ ਦਰੁਸਤ ਕਰਵਾ ਦਿੱਤੀ ਜਾਵੇਗੀ।