ਕੁਰਾਲੀ : ਕੌਮੀ ਇਨਸਾਫ ਮੋਰਚੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਕਾਨੂੰਨ ਬਣਾਉਣ ਅਤੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਆਦਿਕ ਮੰਗਾ ਲਈ 15 ਅਗਸਤ ਨੂੰ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਸਬੰਧੀ ਮਾਜਰੀ ਬਲਾਕ ਵਿਖੇ ਮੀਟਿੰਗ ਕੀਤੀ ਗਈ। ਇਸ ਸਬੰਧੀ ਪੁੱਜੇ ਮੋਰਚਾ ਆਗੂ ਬਲਵਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਜਿੱਥੇ ਸਾਡੀ ਮੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਸਖਤ ਕਾਨੂੰਨ ਬਣਾਉਣ, ਸਜ਼ਾਵਾਂ ਕੱਟ ਚੁੱਕੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ, ਬਰਗਾੜੀ ਅਤੇ ਬਹਿਬਲ ਕਲਾ ਦਾ ਇਨਸਾਫ ਦੇਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਸਰੂਪਾਂ ਬਾਰੇ ਕਾਰਵਾਈ ਕਰਨ ਆਦਿ ਮੰਗਾਂ ਨੂੰ ਲੈ ਕੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ। ਜਿਸ ਦੌਰਾਨ ਕਈ ਪ੍ਰਾਪਤੀਆਂ ਵੀ ਹੋਈਆਂ ਤੇ ਬਾਕੀ ਮੰਗਾਂ ਦੀਆਂ ਪ੍ਰਾਪਤੀਆਂ ਤੱਕ ਇਹ ਮੋਰਚਾ ਜਾਰੀ ਰਹੇਗਾ। ਉਹਨਾਂ ਕਿਹਾ ਕਿ ਜਿਨਾਂ ਸਿੱਖਾਂ ਨੇ ਕੁਰਬਾਨੀਆਂ ਕਰਕੇ ਦੇਸ਼ ਨੂੰ ਆਜ਼ਾਦ ਕਰਵਾਇਆ ਅੱਜ ਉਹਨਾਂ ਦੇ ਨਾਂ ਤੇ ਜੇਕਰ 15 ਅਗਸਤ ਮਨਾ ਰਹੇ ਹਾਂ ਤਾਂ ਉਹਨਾਂ ਦੀ ਗੱਲ ਵੀ ਸੁਣਨੀ ਸਰਕਾਰ ਲਈ ਜਰੂਰੀ ਹੈ । ਇਸ ਲਈ ਆਪਣੀਆਂ ਮੰਗਾਂ ਸਬੰਧੀ ਗਵਰਨਰ ਸਾਹਿਬ ਨੂੰ ਮੰਗ ਪੱਤਰ ਦੇਣ ਲਈ 15 ਅਗਸਤ ਨੂੰ ਚੰਡੀਗੜ੍ਹ ਦੇ ਸੈਕਟਰ 17 ਵਿੱਚ ਇਕੱਤਰਤਾ ਕੀਤੀ ਜਾ ਰਹੀ ਹੈ ਜਿੱਥੋਂ ਪੈਦਲ ਮਾਰਚ ਕਰਕੇ ਪੱਤਰ ਦਿੱਤਾ ਜਾਵੇਗਾ। ਇਸ ਮੀਟਿੰਗ ਦੌਰਾਨ ਉਹਨਾਂ ਵੱਧ ਤੋਂ ਵੱਧ ਇਲਾਕਾ ਵਾਸੀਆਂ ਨੂੰ ਇਸ ਪ੍ਰੋਗਰਾਮ ਵਿੱਚ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਲੋਕ ਹਿੱਤ ਮਿਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਸੁੱਖਾ ਕੰਸਾਲਾ, ਧਾਰਮਿਕ ਵਿੰਗ ਦੇ ਪ੍ਰਧਾਨ ਭਾਈ ਹਰਜੀਤ ਸਿੰਘ ਹਰਮਨ, ਮਿਸ਼ਨ ਆਗੂ ਗੁਰਮੀਤ ਸਿੰਘ ਛਾਂਟੂ, ਰਵਿੰਦਰ ਸਿੰਘ, ਪਰਮਜੀਤ ਸਿੰਘ ਪੰਮੀ ਮਾਵੀ, ਗੁਰਦੀਪ ਸਿੰਘ ਮਹਿਰਮਪੁਰ, ਛੋਟਾ ਸਿੰਘ ਮਾਜਰਾ, ਸੁਰਿੰਦਰ ਸਿੰਘ ਮਾਣਕਪੁਰ ਤੇ ਗੁਰਵਿੰਦਰ ਸਿੰਘ ਸੀਹੋ ਮਾਜਰਾ ਆਦਿ ਅਹੁਦੇਦਾਰ ਵੀ ਹਾਜ਼ਰ ਸਨ।