ਡਾਇਰੈਕਟਰ ਸਟੇਟ ਟਰਾਂਸਪੋਰਟ ਨੇ ਸਾਰੇ ਜੀਐਮ ਨੂੰ ਚਿੱਠੀ ਲਿਖ ਕੇ ਬੱਸਾਂ ਮੋਹਾਲੀ ਬੱਸ ਸਟੈਂਡ ਵਿੱਚ ਜਾਣੀਆਂ ਯਕੀਨੀ ਬਣਾਉਣ ਲਈ ਕਿਹਾ
ਗਰਾਊਂਡ ਜ਼ੀਰੋ ਤੇ ਚਿੱਠੀ ਦਾ ਨਹੀਂ ਹੋ ਰਿਹਾ ਕੋਈ ਅਸਰ, ਹਾਲੇ ਵੀ ਬੱਸਾਂ ਵਾਲੇ ਸਵਾਰੀਆਂ ਉਤਾਰ ਰਹੇ ਵੇਰਕਾ ਚੌਂਕ ’ਤੇ
ਮੁਹਾਲੀ : ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਮਹਾਲੀ ਬੱਸ ਅੱਡੇ ਨੂੰ ਚਾਲੂ ਕਰਵਾਉਣ ਅਤੇ ਇਸ ਦੇ ਨਾਲ ਬੰਦ ਕੀਤੀ ਗਈ ਸੜਕ ਨੂੰ ਦੁਬਾਰਾ ਗਮਾਡਾ ਦੁਆਰਾ ਖੁਲਵਾਉਣ ਨੂੰ ਲੈ ਕੇ ਆਪਣੇ ਵਕੀਲਾਂ ਰਜੀਵਨ ਸਿੰਘ ਅਤੇ ਰਿਸ਼ਮਰਾਜ ਸਿੰਘ ਦੁਆਰਾ ਦਿੱਤੇ ਗਏ ਕਾਨੂੰਨੀ ਨੋਟਿਸ ਦਾ ਅਸਰ ਹੋ ਗਿਆ ਹੈ। ਹਾਲਾਂਕਿ ਹਾਲੇ ਸਿਰਫ ਟਰਾਂਸਪੋਰਟ ਵਿਭਾਗ ਨੇ ਹੀ ਇਸ ਦਾ ਜਵਾਬ ਦਿੱਤਾ ਹੈ। ਬੱਸ ਅੱਡੇ ਨੂੰ ਚਲਾਉਣ ਸਬੰਧੀ ਕਾਨੂੰਨੀ ਨੋਟਿਸ ਦਾ ਜਵਾਬ ਦਿੰਦਿਆਂ ਟਰੈਕਟਰ ਟਰਾਂਸਪੋਰਟ ਨੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੇ ਵਕੀਲਾਂ ਨੂੰ ਦਿੱਤੇ ਜਵਾਬ ਵਿੱਚ ਚਿੱਠੀ ਭੇਜੀ ਗਈ ਹੈ ਜਿਸ ਰਾਹੀਂ ਵੱਖ-ਵੱਖ ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਬੱਸਾਂ ਨੂੰ ਬਸ ਅੱਡੇ ਅੰਦਰ ਜਾਣਾ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਸਵਾਰੀਆਂ ਨੂੰ ਬਸ ਅੱਡੇ ਅੰਦਰੋਂ ਚੜਾਉਣ ਅਤੇ ਉਤਾਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਡਾਇਰੈਕਟਰ ਟਰਾਂਸਪੋਰਟ ਵੱਲੋਂ ਇਹ ਪੱਤਰ 19 ਜੁਲਾਈ ਨੂੰ ਕੱਢਿਆ ਗਿਆ ਹੈ।
ਇਸ ਸਬੰਧੀ ਡਿਪਟੀ ਨੇ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਡਾਇਰੈਕਟਰ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਦੀ ਜਾਂਚ ਕਰਨ ਲਈ ਜਦੋਂ ਖੁਦ ਬਾਬਾ ਬੰਦਾ ਸਿੰਘ ਬਹਾਦਰ ਬਸ ਅੱਡਾ ਫੇਜ਼ ਛੇ ਵਿਖੇ ਤਾਂ ਡਾਇਰੈਕਟਰ ਟਰਾਂਸਪੋਰਟ ਦੇ ਇਹ ਹੁਕਮ ਅੱਧ ਅਧੂਰੇ ਹੀ ਲਾਗੂ ਹੁੰਦੇ ਦਿਖਾਈ ਦਿੱਤੇ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹਨਾਂ ਨੇ ਖੁਦ ਜਾ ਕੇ ਰਿਕਾਰਡ ਚੈੱਕ ਕੀਤੇ ਹਨ ਇਸ ਤੋਂ ਪਤਾ ਲੱਗਦਾ ਹੈ ਕਿ ਇਸ ਬੱਸ ਅੱਡੇ ਦੇ ਬਾਹਰ ਗੇਟ ਤੇ ਹੀ ਸਵਾਰੀਆਂ ਚੜਾਈਆਂ ਜਾਂਦੀਆਂ ਹਨ ਕਿਉਂਕਿ ਬੱਸਾਂ ਅੰਦਰ ਕਾਊਂਟਰ ਤੇ ਨਹੀਂ ਜਾਂਦੀਆਂ ਅਤੇ ਆਉਂਦੀਆਂ 400 ਬੱਸਾਂ ਹਨ ਪਰਚੀਆਂ 250 ਬੱਸਾਂ ਦੀਆਂ ਹੀ ਕੱਟੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਦੂਜੀ ਵੱਡੀ ਗੱਲ ਇਹ ਹੈ ਕਿ ਜਿਹੜੀਆਂ 250 ਬੱਸਾਂ ਇੱਥੇ ਪਰਚੀ ਕਟਵਾ ਕੇ ਜਾਂਦੀਆਂ ਹਨ ਆਉਣ ਲੱਗਿਆਂ ਉਹ ਬੱਸ ਅੱਡੇ ਨਹੀਂ ਹੋ ਕੇ ਜਾਂਦੀਆਂ ਸਗੋਂ ਵੇਰਕਾ ਚੌਂਕ ਦੇ ਬਾਹਰ ਹੀ ਸਵਾਰੀਆਂ ਉਤਾਰ ਕੇ ਲੰਘ ਜਾਂਦੀਆਂ ਹਨ। ਉਹਨਾਂ ਕਿਹਾ ਕਿ ਇਸ ਦੀ ਵਜ?ਹਾ ਇਹ ਹੈ ਕਿ ਇੱਕ ਪਾਸੇ ਦੀ ਸੜਕ ਬੰਦ ਪਈ ਹੈ ਜਿਸ ਸਬੰਧੀ ਉਹਨਾਂ ਨੇ ਗਮਾਡਾ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਦਿੱਤਾ ਹੋਇਆ ਹੈ, ਇਸ ਲਈ ਬਸ ਚਾਲਕ ਜੇ ਬੱਸ ਅੱਡੇ ਆਉਣਾ ਵੀ ਚਾਹੁਣ ਤਾਂ ਉਹਨਾਂ ਨੂੰ ਦਾਰਾ ਸਟੂਡੀਓ ਵਾਲੇ ਚੌਂਕ ਰਾਹੀਂ ਘੁੰਮ ਕੇ ਆਉਣਾ ਪੈਂਦਾ ਹੈ ਇਸ ਲਈ ਉਹ ਵੇਰਕਾ ਚੌਂਕ ਉੱਤੇ ਹੀ ਸਵਾਰੀਆਂ ਉਤਾਰ ਦਿੰਦੇ ਹਨ ਅਤੇ ਸਿੱਧੇ ਨਿਕਲ ਜਾਂਦੇ ਹਨ ਤੇ ਨਾ ਬਰਸਾਤ ਦੇਖਦੇ ਹਨ ਨਾ ਗਰਮੀ ਜਾਂ ਠੰਡ ਵੇਖਦੇ ਹਨ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਤੀਜੀ ਗੱਲ ਇਹ ਹੈ ਕਿ ਜਿਨਾਂ 250 ਬੱਸਾਂ ਦੀ ਪਰਚੀ ਕੱਟੀ ਵੀ ਜਾ ਰਹੀ ਹੈ ਉਹ ਬੱਸਾਂ ਵੀ ਬਸ ਅੱਡੇ ਦੇ ਅੰਦਰ ਕਾਊਂਟਰਾਂ ਉੱਤੇ ਨਹੀਂ ਖੜਦੀਆਂ ਸਗੋਂ ਇਹਨਾਂ ਦੀ ਪਰਚੀ ਬਾਹਰ ਹੀ ਕੱਟ ਦਿੱਤੀ ਜਾਂਦੀ ਹੈ ਅਤੇ ਬਾਹਰੋਂ ਹੀ ਇਹ ਬੱਸਾਂ ਸਵਾਰੀਆਂ ਚੜਾਉਂਦੀਆਂ ਹਨ। ਬੱਸ ਸਟੈਂਡ ਦੇ ਅੰਦਰ ਕੋਈ ਸਟਾਫ ਨਹੀਂ ਜਿਹੜਾ ਅੰਦਰ ਜਾ ਕੇ ਕਾਊਂਟਰ ਤੇ ਪਰਚੀਆਂ ਕੱਟੇ। ਉਹਨਾਂ ਕਿਹਾ ਕਿ ਬੱਸ ਸਟੈਂਡ ਦੁਬਾਰਾ ਕੰਪਨੀ ਨੂੰ ਹੈਂਡ ਓਵਰ ਹੋ ਚੁੱਕਿਆ ਹੈ ਇਥੇ ਕੰਪਨੀ ਦੇ ਸਿਕਿਉਰਟੀ ਗਾਰਡ ਹੀ ਪਰਚੀਆਂ ਕੱਟਦੇ ਦਿਖਾਈ ਦਿੰਦੇ ਹਨ। ਉਹਨਾਂ ਡਾਰੈਕਟਰ ਟਰਾਂਸਪੋਰਟ ਨੂੰ ਬੇਨਤੀ ਕੀਤੀ ਕਿ ਉਹ ਖੁਦ ਆ ਕੇ ਇਸ ਬੱਸ ਅੱਡੇ ਦੀ ਜਾਂਚ ਕਰਨ ਤਾਂ ਜੋ ਉਹਨਾਂ ਨੂੰ ਸਹੀ ਸਥਿਤੀ ਦਾ ਅੰਦਾਜ਼ਾ ਲੱਗ ਸਕੇ ਅਤੇ ਬੱਸਾਂ ਦਾ ਇੱਥੇ ਆਉਣਾ ਅਤੇ ਸਵਾਰੀਆਂ ਨੂੰ ਅੰਦਰ ਉਤਾਰਨਾ-ਚੜਾਉਣਾ ਯਕੀਨੀ ਬਣਾਇਆ ਜਾਵੇ।
ਉਹਨਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਟਿਆਲਾ, ਬਠਿੰਡਾ ਫਤਿਹਗੜ੍ਹ ਸਾਹਿਬ ਆਦਿ ਨੂੰ ਜਾਣ ਵਾਲੀਆਂ ਬੱਸਾਂ ਸਿੱਧੀਆਂ ਫੇਜ਼ ਅੱਠ ਤੋਂ ਹੀ ਲੰਘ ਜਾਂਦੀਆਂ ਹਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਬੱਸ ਅੱਡੇ ਤੇ ਆਉਂਦੀਆਂ ਹੀ ਨਹੀਂ। ਉਹਨਾਂ ਡਾਇਰੈਕਟਰ ਟਰਾਂਸਪੋਰਟ ਨੂੰ ਇਸ ਮਾਮਲੇ ਦੀ ਵੀ ਜਾਂਚ ਕਰਨ ਦੇ ਨਾਲ ਨਾਲ ਇਹਨਾਂ ਬੱਸਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।
ਉਹਨਾਂ ਕਿਹਾ ਕਿ ਦੂਜੇ ਪਾਸੇ ਬੰਦ ਪਈ ਸੜਕ ਨੂੰ ਚਾਲੂ ਕਰਨ ਸਬੰਧੀ ਗਮਾਡਾ ਅਤੇ ਪੰਜਾਬ ਸਰਕਾਰ ਨੂੰ ਦਿੱਤੇ ਨੋਟਿਸ ਦਾ ਉਹਨਾਂ ਨੂੰ ਕੋਈ ਜਵਾਬ ਹਾਲੇ ਨਹੀਂ ਮਿਲਿਆ। ਉਹਨਾਂ ਕਿਹਾ ਕਿ ਗਮਾਡਾ ਤੇ ਪੰਜਾਬ ਸਰਕਾਰ ਵੱਲੋਂ ਜਵਾਬ ਨਾ ਦਿੱਤੇ ਜਾਣ ਦੇ ਖਿਲਾਫ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਤਿਆਰੀ ਕਰ ਰਹੇ ਹਨ ਜਿਸ ਦੀ ਜਿੰਮੇਵਾਰੀ ਕਮਾਂਡਾਂ ਤੇ ਪੰਜਾਬ ਸਰਕਾਰ ਦੀ ਹੋਵੇਗੀ