ਐਸ ਏ ਐਸ ਨਗਰ : ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮੁਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਸਬੰਧੀ ਫੈਸਲਾ ਸੁਣਾ ਦਿੱਤਾ ਗਿਆ ਹੈ। ਮਾਣਯੋਗ ਅਦਾਲਤ ਵਲੋਂ ਪਿਛਲੇ ਲੰਬੇ ਸਮੇਂ ਤੋਂ ਮੁਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਦਾ ਨਿਬੇੜਾ ਕਰਦਿਆਂ ਇਹ ਚੋਣ 2 ਮਹੀਨੇ ਵਿੱਚ ਮੁਕੰਮਲ ਕਰਨ ਲਈ ਕਿਹਾ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਫ਼ੈਸਲਾ ਸੁਣਾਉਂਦੇ ਹੋਏ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਅਨੁਸਾਰ ਇਸ ਚੋਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਇੱਕ ਅਧਿਕਾਰੀ ਨਿਯੁਕਤ ਕੀਤਾ ਜਾਵੇਗਾ, ਜਿਸ ਦੀ ਨਿਗਰਾਨੀ ਹੇਠ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਅਦਾਲਤ ਨੇ ਇੱਕ ਕਮੇਟੀ ਗਠਿਤ ਕਰਨ ਦੇ ਵੀ ਆਦੇਸ਼ ਜਾਰੀ ਕੀਤੇ ਹਨ, ਜੋ ਵੋਟਰਾਂ ਦੀ ਸੂਚੀ ਬਣਾ ਕੇ ਉਨ੍ਹਾਂ ਸਬੰਧੀ ਇਤਰਾਜ਼ ਮੰਗੇਗੀ ਅਤੇ ਉਨ੍ਹਾਂ ਇਤਰਾਜ਼ਾਂ ਸੰਬੰਧੀ ਫੈਸਲਾ ਲੈ ਕੇ ਵੋਟਰ ਲਿਸਟ ਫਾਈਨਲ ਹੋਣ ਉਪਰੰਤ 60 ਦਿਨ ਦੇ ਅੰਦਰ ਅੰਦਰ ਚੋਣਾਂ ਦੀ ਪ੍ਰਕਿਰਿਆ ਨੂੰ ਮੁਕੰਮਲ ਕਰੇਗੀ।
ਹਾਈਕੋਰਟ ਵੱਲੋਂ ਐਸ ਡੀ ਐਮ ਮੁਹਾਲੀ ਨੂੰ ਵੀ ਹਦਾਇਤ ਜਾਰੀ ਕੀਤੀ ਗਈ ਹੈ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦਾ ਜੋ ਵੀ ਰਿਕਾਰਡ ਉਨ੍ਹਾਂ ਕੋਲ ਹੈ ਉਸਨੂੰ ਉਹ ਇੱਕ ਹਫ਼ਤੇ ਦੇ ਅੰਦਰ ਅੰਦਰ ਨਵੀਂ ਨਿਯੁਕਤ ਕੀਤੀ ਗਈ ਕਮੇਟੀ ਨੂੰ ਸੌਂਪ ਦੇਣ। ਅਦਾਲਤ ਵਿੱਚ ਮੌਜੂਦ ਸਾਬਕਾ ਪ੍ਰਧਾਨ ਸਨੇਹਪਰੀਤ ਸਿੰਘ ਨੇ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਜੇਕਰ ਉਨ੍ਹਾਂ ਕੋਲ ਵੋਟਾਂ ਸਬੰਧੀ ਜਾਂ ਬਾਰ ਐਸੋਸੀਏਸ਼ਨ ਸਬੰਧੀ ਕੋਈ ਰਿਕਾਰਡ ਮੌਜੂਦ ਹੋਇਆ ਤਾਂ ਉਹ ਇੱਕ ਹਫਤੇ ਦੇ ਅੰਦਰ ਅੰਦਰ ਨਵੀਂ ਬਣਾਈ ਗਈ ਕਮੇਟੀ ਨੂੰ ਇਹ ਰਿਕਾਰਡ ਸੌਂਪ ਦੇਣਗੇ।
ਜਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਜਸਪਾਲ ਸਿੰਘ ਦੱਪਰ, ਅਮਰਜੀਤ ਲੌਂਗੀਆ, ਕੁਲਵਿੰਦਰ ਸਿੰਘ, ਦਰਸ਼ਨ ਸਿੰਘ ਧਾਲੀਵਾਲ, ਵਰੁਣ ਸ਼ਰਮਾ, ਸ਼ਗਨ ਸੈਣੀ, ਹਰਚਰਨ ਸਿੰਘ, ਅਮਨ, ਹਰਪ੍ਰੀਤ ਪਾਠਕ, ਕੰਚਨ ਬਾਠ ਨੇ ਹਾਈਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਐਸ ਡੀ ਐਮ ਮੁਹਾਲੀ, ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੇ ਕੰਮਕਾਰ ਦੀ ਨਿਗਰਾਨੀ ਕਰ ਰਹੇ ਸਨ ਜਿਸ ਕਾਰਨ ਐਸੋਸੀਏਸ਼ਨ ਦੇ ਕੰਮ ਕਾਰ ਨੂੰ ਲੈ ਕੇ ਮੈਂਬਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਚੋਣ ਦਾ ਰਾਹ ਪੱਧਰਾ ਹੋ ਗਿਆ ਹੈ।