ਐਸ ਏ ਐਸ ਨਗਰ : ਪੰਜਾਬ ਦੇ ਸਭਤੋਂ ਆਧੁਨਿਕ ਸਹਿਰ ਵਜੋਂ ਜਾਣੇ ਜਾਂਦੇ ਐਸ ਏ ਐਸ ਨਗਰ ਦੀਆਂ ਸੜਕਾਂ ਤੇ ਅਜਿਹੇ ਮੋਟਰਸਾਈਕਲ ਆਮ ਜਾਂਦੇ ਨਜਰ ਆ ਜਾਂਦੇ ਹਨ, ਜਿਹਨਾਂ ਓਪਰ ਰੇਹੜਿਆਂ ਵਾਂਗ ਸਮਾਨ ਲੱਦਿਆ ਹੁੰਦਾ ਹੈ ਅਤੇ ਤੇਜ ਰਫਤਾਰ ਨਾਲ ਚਲਦੇ ਸਮਾਨ ਨਾਲ ਲੱਦੇ ਇਹ ਓਵਰਲੋਡ ਮੋਟਰਸਾਈਕਲ ਸੜਕਾਂ ਤੇ ਚਲਦੇ ਸਮੇਂ ਹਾਦਸਿਆਂ ਨੂੰ ਸੱਦਾ ਦਿੰਦੇ ਹਨ।
ਸਹਿਰ ਵਿੱਚ ਮੋਟਸਾਈਕਲਾਂ ਨੂੰ ਮੌਡੀਫਾਈ ਕਰਕੇ ਉਹਨਾਂ ਤੇ ਫਿਟ ਕੀਤੀਆਂ ਰੇਹੜੀਆਂ ਤਾਂ ਚਲਦੀਆਂ ਹੀ ਹਨ, ਨਾਲ ਹੀ ਅਜਿਹੇ ਵਿਅਕਤੀ ਵੀ ਹਨ ਜਿਹੜੇ ਮੋਟਰ ਸਾਈਕਲ ਦੇ ਪਿਛਲੇ ਪਾਸੇ ਕੈਰੀਅਰ ਲਗਾ ਕੇ ਉਸ ਤੇ ਬਹੁਤ ਜਿਆਦਾ ਸਾਮਾਨ ਲੱਦ ਲੈਂਦੇ ਹਨ। ਇਸ ਸਾਮਨ ਦਾ ਭਾਰ ਭਾਵੇਂ ਜਿਆਦਾ ਨਹੀਂ ਹੁੰਦਾ ਪਰੰਤੂ ਇਸਦੀ ਫੁਲਾਵਟ ਬਹੁਤ ਜਿਆਦਾ ਹੁੰਦੀ ਹੈ ਅਤੇ ਇਹਨਾਂ ਕਾਰਨ ਹਰ ਸਮੇਂ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ।
ਹੈਰਾਨੀ ਦੀ ਗੱਲ ਇਹ ਵੀ ਹੈ ਕਿ ਆਪਣੀ ਸਮਰਥਾ ਤੋਂ ਕਿਤੇ ਵੱਧ ਸਾਮਾਨ ਲੱਦ ਕੇ ਸੜਕ ਤੇ ਹੋਰਨਾਂ ਵਾਹਨ ਚਾਲਕਾਂ ਲਈ ਖਤਰਾ ਬਣਦੇ ਇਹਨਾਂ ਮੋਟਰਸਾਈਕਲਾਂ ਦੇ ਚਾਲਕਾਂ ਤੇ ਕੋਈ ਕਾਰਵਾਈ ਟ੍ਰੈਫਿਕ ਪੁਲੀਸ ਵਲੋਂ ਨਹੀਂ ਕੀਤੀ ਜਾਂਦੀ ਬਲਕਿ ਟ੍ਰੈਫਿਕ ਪੁਲੀਸ ਦੇ ਮੁਲਾਜਮ ਇਹਨਾਂ ਮੋਟਰਸਾਈਕਲਾਂ ਨੂੰ ਦੇਖ ਕੇ ਮੂੰਹ ਪਾਸੇ ਕਰ ਲੈਂਦੇ ਹਨ, ਜਿਸ ਕਾਰਨ ਟ੍ਰੈਫਿਕ ਪੁਲੀਸ ਦੀ ਕਾਰਗੁਜਾਰੀ ਤੇ ਵੀ ਸਵਾਲ ਉਠਦੇ ਹਨ।
ਬਹੁਤ ਜਿਆਦਾ ਸਾਮਾਨ ਨਾਲ ਲੱਦੇ ਇਹ ਮੋਟਰਸਾਈਕਲ ਸੜਕਾਂ ਤੇ ਤੇਜ ਰਫਤਾਰ ਚਲਦੇ ਹਨ ਅਤੇ ਇਸ ਦੌਰਾਨ ਇਹਨਾਂ ਓਵਰਲੋਡ ਮੋਟਰਸਾਈਕਲਾਂ ਦੇ ਚਾਲਕ ਖੁਦ ਦੀ ਜਾਨ ਤਾਂ ਖਤਰੇ ਵਿੱਚ ਪਾਉਂਦੇ ਹੀ ਹਨ, ਹੋਰਨਾਂ ਲੋਕਾਂ ਦੀ ਜਾਨ ਲਈ ਵੀ ਖਤਰਾ ਪੈਦਾ ਕਰਦੇ ਹਨ। ਇਹਨਾਂ ਮੋਟਰਸਾਈਕਲਾਂ ਤੇ ਲੱਦਿਆਂ (ਜਾਂ ਲਮਕਦਾ) ਸਮਾਨ ਹਰ ਵੇਲੇ ਡਿੰਗੂ ਡਿੰਗੂ ਕਰਦਾ ਹੈ, ਜਿਸ ਕਾਰਨ ਹੋਰਨਾਂ ਵਾਹਨਾਂ ਦੇ ਚਾਲਕ ਇਹਨਾਂ ਮੋਟਰਸਾਈਕਲਾਂ ਦੇ ਨੇੜੇ ਆਉਣ ਹੋਣ ਤੋਂ ਵੀ ਡਰਦੇ ਹਨ।
ਸਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਹਿਰ ਦੀਆਂ ਸੜਕਾਂ ਤੇ ਚਲ ਰਹੇ ਓਵਰਲੋਡ ਮੋਟਰਸਾਈਕਲਾਂ ਨੂੰ ਬੰਦ ਕਰਵਾਇਆ ਜਾਵੇ ਅਤੇ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਹਨਾਂ ਕਾਰਨ ਵਾਪਰਦੇ ਹਾਦਸਿਆਂ ਕੇ ਰੋਕ ਲੱਗੇ।