ਚੰਡੀਗੜ : ਕੋਟਕਪੂਰਾ, ਜ਼ਿਲ੍ਹਾ ਫਰੀਦਕੋਟ ਨਾਲ ਸਬੰਧਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਿਲਾ ਨੌ, ਸ਼ੇਰ ਸਿੰਘ ਵਾਲਾ, ਪੱਖੀ ਕਲਾਂ, ਸੰਧਵਾਂ ਅਤੇ ਚੰਦਬਾਜਾ ਦੇ ਕੁੱਲ 90 ਵਿਦਿਆਰਥੀਆਂ ਨੇ ਅੱਜ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਦਰਸ਼ਕ ਵਜੋਂ ਵੇਖੀ ਅਤੇ ਸਦਨ ‘ਚ ਹੁੰਦੇ ਦੇ ਵਿਧਾਨਕ ਕੰਮ ਕਾਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸੈਸ਼ਨ ਦੀ ਕਾਰਵਾਈ ਵੇਖਣ ਆਏ ਸਕੂਲੀ ਵਿਦਿਆਰਥੀਆਂ ਨਾਲ ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਜੀਵਨ ‘ਚ ਮਿਹਨਤ ਕਰਕੇ ਸਫ਼ਲ ਇਨਸਾਨ ਬਣਨ ਅਤੇ ਸੂਬੇ ਅਤੇ ਦੇਸ਼ ਦੀ ਤਰੱਕੀ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣ ਲਈ ਪ੍ਰੇਰਿਆ।
ਸ. ਸੰਧਵਾਂ ਨੇ ਇਸ ਮੌਕੇ ਕਿਹਾ ਕਿ ਸਦਨ ਦੀ ਕਾਰਵਾਈ ਵੇਖ ਕੇ ਜਿੱਥੇ ਵਿਦਿਆਰਥੀਆਂ ਨੂੰ ਸੂਬੇ ਦੀ ਵਿਧਾਨਕ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਮਿਲਦੀ ਹੈ, ਉੱਥੇ ਹੀ ਰਾਜਨੀਤਿਕ ਨੇਤਾਵਾਂ ਦੀ ਕਾਰਗੁਜ਼ਾਰੀ ਸਾਕਾਰ ਰੂਪ ‘ਚ ਵੇਖਣ ਨੂੰ ਮਿਲਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਹੈ ਕਿ ਪੰਜਾਬ ਦੇ ਨੌਜਵਾਨ ਵਿਦੇਸ਼ ਜਾਣ ਦੀ ਲਾਲਸਾ ਤਿਆਗਣ ਅਤੇ ਇੱਥੇ ਰਹਿ ਕੇ ਹੀ ਚੰਗਾ ਰੋਜ਼ਗਾਰ ਹਾਸਲ ਕਰਨ ਅਤੇ ਆਪਣੇ ਸਮਾਜ ਦੀ ਭਲਾਈ ਲਈ ਕੰਮ ਕਰਨ। ਇਸ ਮੌਕੇ ਸਬੰਧਤ ਸਕੂਲਾਂ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸਪੀਕਰ ਪੰਜਾਬ ਵਿਧਾਨ ਸਭਾ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ੍ਰੀ ਜੈ ਕ੍ਰਿਸ਼ਨ ਸਿੰਘ ਰੋੜੀ, ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਵੀ ਹਾਜ਼ਰ ਸਨ।