ਐਸ ਏ ਐਸ ਨਗਰ : ਸਥਾਨਕ ਫੇਜ਼ 3 ਬੀ 2 ਵਿੱਚ ਗੁਰੂਦੁਆਰਾ ਸਾਚਾ ਧੰਨ ਸਾਹਿਬ ਦੇ ਨੇੜੇ ਪੈਂਦੀ ਬੂਥ ਮਾਰਕੀਟ ਦੀਆਂ ਅੰਦਰਲੀਆਂ ਲਾਈਨਾਂ ਵਿੱਚ ਖੁੱਲੇ ਢਾਬਿਆਂ ਕਾਰਨ ਇਸ ਮਾਰਕੀਟ ਦੇ ਹੋਰ ਦੁਕਾਨਦਾਰ ਬਹੁਤ ਪ੍ਰੇਸ਼ਾਨ ਹਨ। ਇਸਦਾ ਕਾਰਨ ਇਹ ਹੈ ਕਿ ਇਹਨਾਂ ਬੂਥਾਂ ਦੇ ਸਾਹਮਣੇ ਵਾਲੀ ਖਾਲੀ ਥਾਂ (ਜਿਹੜੀ ਗਾਹਕਾਂ ਦੇ ਦੋਪਹੀਆ ਵਾਹਨਾਂ ਦੀ ਪਾਰਕਿੰਗ ਲਈ ਛੱਡੀ ਗਈ ਹੈ) ਵਿੱਚ ਢਾਬੇ ਵਾਲਿਆਂ ਵਲੋਂ ਆਪਣੇ ਟੇਬਲ ਆਦਿ ਲਗਾ ਕੇ ਕਬਜ਼ਾ ਕਰ ਲਿਆ ਗਿਆ ਹੈ ਅਤੇ ਇਹਨਾਂ ’ਤੇ ਗਾਹਕਾਂ ਨੂੰ ਖਾਣਾ ਪਰੋਸਿਆ ਜਾਂਦਾ ਹੈ। ਇਹਨਾਂ ਢਾਬਿਆਂ ਵਾਲਿਆਂ ਨੇ ਆਪਣੇ ਤੰਦੂਰ ਵੀ ਬਾਹਰ ਖੁੱਲ੍ਹੀ ਥਾਂ ਵਿੱਚ ਹੀ ਰੱਖੇ ਹੋਏ ਹਨ ਅਤੇ ਇਹਨਾਂ ਤੰਦੂਰਾਂ ਦਾ ਧੂੰਆਂ ਪੂਰਾ ਦਿਨ ਇੱਥੇ ਉੜਦਾ ਰਹਿੰਦਾ ਹੈ। ਬੂਥਾਂ ਦੇ ਸਾਮ੍ਹਣੇ ਬਣੀਆਂ ਬੇਸ਼ਾਪਾਂ ਵਿੱਚ ਕੰਮ ਕਰਦੇ ਸ੍ਰ ਗੁਰਪ੍ਰਤਾਪ ਸਿੰਘ ਰਿਆੜ ਨੇ ਦੱਸਿਆ ਕਿ ਇਹਨਾਂ ਢਾਬਿਆਂ ਵਾਲਿਆਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਬਾਕੀ ਦੇ ਦੁਕਾਨਦਾਰਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਕਿਉਂਕਿ ਹੋਰ ਕੋਈ ਗ੍ਰਾਹਕ ਮਾਰਕੀਟ ਵਿੱਚ ਆਉਣ ਤੋਂ ਪਰਹੇਜ ਕਰਦਾ ਹੈ। ਉਹਨਾਂ ਕਿਹਾ ਕਿ ਮਾਰਕੀਟ ਦੀ ਪਾਰਕਿੰਗ ਵਿੱਚ ਲੱਗੀਆਂ ਟੇਬਲਾਂ ਤੇ ਹਰ ਵੇਲੇ ਨੌਜਵਾਨ ਮੁੰਡੇ ਬੈਠੇ ਰਹਿੰਦੇ ਹਨ ਅਤੇ ਇਸ ਕਾਰਨ ਲੋਕ ਆਪਣੇ ਪਰਿਵਾਰਾਂ ਨਾਲ ਆਉਣ ਤੋਂ ਗੁਰੇਜ ਕਰਦੇ ਹਨ। ਉਹਨਾਂ ਕਿਹਾ ਕਿ ਬੂਥਾਂ ਵਿੱਚ ਕੰਮ ਕਰਦੇ ਇਹਨਾਂ ਢਾਬਿਆਂ ਵਾਲਿਆਂ ਨੇ ਬੂਥਾਂ ਵਿੱਚ ਬਾਕਾਇਦਾ ਪਾਣੀ ਦੀਆਂ ਟੂਟੀਆਂ ਲਗਵਾਈਆਂ ਹੋਈਆਂ ਹਨ ਅਤੇ ਨਾਲ ਹੀ ਸੀਵਰੇਜ ਦੇ ਨਾਜਾਇਜ਼ ਕਨੈਕਸ਼ਨ ਵੀ ਜੋੜੇ ਹੋਏ ਹਨ। ਉਹਨਾਂ ਕਿਹਾ ਕਿ ਇਸ ਸੰਬੰਧੀ ਵਾਰ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਨਗਰ ਨਿਗਮ ਦੇ ਨਾਜਾਇਜ਼ ਕਬਜ਼ੇ ਚੁੱਕਣ ਵਾਲੇ ਸਟਾਫ ਵਲੋਂ ਇਹਨਾਂ ਢਾਬਿਆਂ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਜੇਕਰ ਕਦੇ ਕਦਾਰ ਅਜਿਹੀ ਕਾਰਵਾਈ ਹੁੰਦੀ ਵੀ ਹੈ ਅਤੇ ਨਿਗਮ ਵਾਲੇ ਢਾਬਿਆਂ ਵਾਲਿਆਂ ਦਾ ਸਾਮਾਨ ਲੈ ਕੇ ਜਾਂਦੇ ਹਨ ਤਾਂ ਵੀ ਇਹ ਟੇਬਲਾਂ ਫਿਰ ਲੱਗ ਜਾਂਦੀਆਂ ਹਨ ਅਤੇ ਇਹ ਕੰਮ ਲਗਾਤਾਰ ਚਲਦਾ ਰਹਿੰਦਾ ਹੈ। ਉਹਨਾਂ ਮੰਗ ਕੀਤੀ ਕਿ ਇਹਨਾਂ ਬੂਥਾਂ ਵਿੱਚ ਲੱਗੇ ਪਾਣੀ ਅਤੇ ਸੀਵਰੇਜ ਦੇ ਨਾਜਾਇਜ਼ ਕਨੈਕਸ਼ਨ ਕਟਵਾਏ ਜਾਣ ਅਤੇ ਇਹਨਾਂ ਦੇ ਨਾਜਾਇਜ਼ ਕਬਜ਼ਿਆਂ ਨੂੰ ਖਤਮ ਕਰਨ ਲਈ ਲਗਾਤਾਰ ਕਾਰਵਾਈ ਕੀਤੀ ਜਾਵੇ। ਨਗਰ ਨਿਗਮ ਦੀ ਟੀਮ ਨੇ ਨਾਜਾਇਜ਼ ਕਬਜ਼ੇ ਹਟਾਏ