ਖਰੜ : ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਪਿੰਡ ਮੱਛਲੀ ਕਲਾਂ ਵਿਚੋਂ ਲੰਘਦੀ ਪਟਿਆਲਾ ਕੀ ਰਾਓ ਨਦੀ ਉਪਰ ਬਣੇ ਕਾਜ਼ਵੇਅ ਦੀ ਥਾਂ ਵੱਡੇ ਪੁਲ ਦੀ ਉਸਾਰੀ ਕਰਨ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਰਾਜ਼ ਸ਼ਿਆਮਕਰਨ ਤਿੜਕੇ ਨੂੰ ਇਕ ਮੰਗ ਪੱਤਰ ਸੌਂਪਿਆ ਹੈ।ਪੱਤਰ ਵਿਚ ਸ੍ਰੀ ਮੱਛਲੀ ਕਲਾਂ ਨੇ ਲਿਖਿਆ ਹੈ ਕਿ ਇਲਾਕੇ ਦੇ ਲੋਕਾਂ ਦੀ ਆਵਾਜਾਈ ਵਾਸਤੇ ਕਈ ਸਾਲ ਪਹਿਲਾਂ ਪਿੰਡ ਮੱਛਲੀ ਕਲਾਂ ਕੋਲੋਂ ਲੰਘਦੀ ਇਸ ਨਦੀ ਉਪਰ ਕਾਜ਼ਵੇਅ ਬਣਾਇਆ ਗਿਆ ਸੀ ਜਿਸ ਦੇ ਪਾਈਪ ਕਾਫ਼ੀ ਛੋਟੇ ਹਨ। ਉਹਨਾਂ ਲਿਖਿਆ ਹੈ ਕਿ ਛੋਟੇ ਪਾਈਪ ਹੋਣ ਕਾਰਨ ਬਰਸਾਤਾਂ ਦੇ ਮੌਸਮ ਵਿੱਚ ਪੂਰੇ ਪਾਣੀ ਦਾ ਨਿਕਾਸ ਨਹੀਂ ਹੁੰਦਾ ਤੇ ਪਾਣੀ ਸੜਕ ਉਪਰੋਂ ਲੰਘਣ ਲੱਗ ਪੈਂਦਾ ਹੈ, ਜਿਸ ਕਾਰਨ ਆਉਣ ਜਾਣ ਵਾਲਿਆਂ ਖਾਸ ਕਰਕੇ ਨੌਕਰੀਪੇਸ਼ਾ ਲੋਕਾਂ, ਦਿਹਾੜੀਦਾਰਾਂ, ਕਿਸਾਨਾਂ ਆਦਿ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਦੋਧੀਆਂ ਨੂੰ ਕਾਫ਼ੀ ਨੁਕਸਾਨ ਝੱਲਣਾ ਪੈਂਦਾ ਹੈ ਕਿਉਂਕਿ ਬਰਸਾਤਾਂ ਦੇ ਦਿਨਾਂ ਵਿੱਚ ਇਹ ਰਸਤਾ ਪੂਰੀ ਤਰ੍ਹਾਂ ਪਾਣੀ ਵਿੱਚ ਡੁਬਿਆ ਰਹਿੰਦਾ ਹੈ। ਉਨ੍ਹਾਂ ਲਿਖਿਆ ਹੈ ਕਿ ਲਗਭਗ ਇੱਕ ਦਰਜਨ ਪਿੰਡਾਂ ਦੇ ਲੋਕ ਆਪੋ ਆਪਣੇ ਕੰਮਾਂ ਲਈ ਖਰੜ, ਮੁਹਾਲੀ ਅਤੇ ਚੰਡੀਗੜ੍ਹ ਜਾਣ ਲਈ ਇਸੇ ਰਸਤੇ ਦੀ ਵਰਤੋਂ ਕਰਦੇ ਹਨ। ਰਸਤੇ ਉਤੇ ਪਾਣੀ ਭਰ ਜਾਣ ਨਾਲ ਅਣਸੁਖਾਵੀਂ ਘਟਨਾ ਦਾ ਵੀ ਖ਼ਦਸ਼ਾ ਰਹਿੰਦਾ ਹੈ। ਪਾਈਪ ਵਿੱਚ ਪਾਣੀ ਭਰ ਜਾਣ ਕਾਰਨ/ਓਵਰ ਫਲੋਅ ਹੋ ਜਾਣ ਕਾਰਨ ਉਹਨਾਂ ਨੂੰ ਉਪਰੋਂ ਹੋਰਨਾਂ ਰਸਤਿਆਂ ਤੋਂ ਘੁੰਮ ਕੇ ਆਉਣਾ ਜਾਣਾ ਪੈਂਦਾ ਹੈ ਜਿਸ ਨਾਲ ਸਮੇਂ ਦੀ ਬਰਬਾਦੀ ਵੀ ਹੁੰਦੀ ਹੈ।ਉਨ੍ਹਾਂ ਲਿਖਿਆ ਹੈ ਕਿ ਜੇ ਇੱਥੇ ਪੁਲ ਬਣ ਜਾਂਦਾ ਹੈ ਤਾਂ ਪਿੰਡ ਅਤੇ ਇਲਾਕੇ ਦੇ ਲੋਕਾਂ ਨੂੰ ਆਉਣ-ਜਾਣ ਵਿਚ ਕਾਫ਼ੀ ਸੌਖ ਹੋ ਜਾਵੇਗੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਾਜਵੇਅ ਦੇ ਪਾਈਪ ਨੂੰ ਵੱਡਾ ਕਰਕੇ ਉਸਦੇ ਉੱਪਰ ਪੁਲ ਦੀ ਉਸਾਰੀ ਕਰਵਾਈ ਜਾਵੇ ਤਾਂ ਜੋ ਵਸਨੀਕਾਂ ਅਤੇ ਰਾਹਗੀਰਾਂ ਨੂੰ ਇਸ ਪੁਰਾਣੀ ਅਤੇ ਛੋਟੀ ਕਾਜ਼ਵੇਅ ਕਾਰਨ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਤੋਂ ਨਿਜਾਤ ਮਿਲੇ।