ਐਸ ਏ ਐਸ ਨਗਰ : ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਮੁਹਾਲੀ ਵਿੱਚ ਮੀਟ ਅਤੇ ਮੱਛੀ ਮਾਰਕੀਟ ਵਾਸਤੇ ਥਾਂ ਅਲਾਟ ਕਰਨ ਦੀ ਮੰਗ ਕੀਤੀ ਹੈ। ਆਪਣੇ ਪੱਤਰ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਵੱਖ-ਵੱਖ ਜਾਇਦਾਦਾਂ ਦੀ ਨਿਲਾਮੀ ਕਰਕੇ ਅਤੇ ਨਵੇਂ ਸੈਕਟਰ ਕੱਟ ਕੇ ਗਮਾਡਾ ਵੱਲੋਂ ਅਰਬਾਂ ਰੁਪਏ ਦੀ ਕਮਾਈ ਕੀਤੀ ਜਾਂਦੀ ਹੈ ਪਰ ਪੂਰੇ ਮੁਹਾਲੀ ਵਿੱਚ ਮੀਟ ਅਤੇ ਮੱਛੀ ਮਾਰਕੀਟ ਵਾਸਤੇ ਕੋਈ ਪ੍ਰਾਵਧਾਨ ਤਕ ਨਹੀਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਕਾਰਨ ਸ਼ਹਿਰ ਦੀ ਹੱਦ ਵਿੱਚ ਅਤੇ ਨਾਲ ਲੱਗਦੇ ਪਿੰਡਾਂ (ਪਿੰਡ ਮੁਹਾਲੀ, ਸ਼ਾਹੀ ਮਾਜਰਾ, ਮਦਨਪੁਰ, ਕੁੰਭੜਾ, ਸੋਹਾਣਾ) ਅਤੇ ਮੁਹਾਲੀ ਦੀਆਂ ਕਲੋਨੀਆਂ ਵਿੱਚ ਵੱਖ-ਵੱਖ ਥਾਵਾਂ ਤੇ ਅਣਅਧਿਕਾਰਤ ਮੀਟ ਅਤੇ ਮੱਛੀ ਦੀਆਂ ਦੁਕਾਨਾਂ ਹਨ ਜਿੱਥੇ ਗੰਦਗੀ ਪੈਦਾ ਹੁੰਦੀ ਹੈ ਬਦਬੋ ਆਉਂਦੀ ਹੈ ਅਤੇ ਨੇੜੇ ਰਹਿੰਦੇ ਲੋਕਾਂ ਦਾ ਜੀਣਾ ਹਰਾਮ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਇਹਨਾਂ ਦੁਕਾਨਾਂ ਵਿੱਚ ਬਿਨਾਂ ਕਿਸੇ ਜਾਂਚ ਦੇ ਮੀਟ ਅਤੇ ਮੱਛੀ ਵੇਚੀ ਜਾਂਦੀ ਹੈ ਜੋ ਕਿ ਲੋਕਾਂ ਦੀ ਸਿਹਤ ਵਾਸਤੇ ਹਾਨੀਕਾਰਕ ਵੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵੀ ਇਸ ਸਬੰਧੀ ਕੋਈ ਲਾਈਸੈਂਸ ਜਾਰੀ ਨਹੀਂ ਕਰਦਾ ਅਤੇ ਨਾ ਹੀ ਇਹਨਾਂ ਦੀ ਕੋਈ ਜਾਂਚ ਹੁੰਦੀ ਹੈ।ਪੱਤਰ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਮੁਹਾਲੀ ਵਿੱਚ ਇਹ ਵੱਖ-ਵੱਖ ਥਾਵਾਂ ਤੇ ਬੈਠੇ ਮੀਟ ਅਤੇ ਮੱਛੀ ਵੇਚਣ ਵਾਲੇ ਲੋਕਾਂ ਦਾ ਸਰਵੇ ਕਰਵਾ ਕੇ ਇਹਨਾਂ ਵਾਸਤੇ ਮੀਟ ਮੱਛੀ ਮਾਰਕੀਟ ਵਾਸਤੇ ਥਾਂ ਰਾਖਵੀਂ ਕੀਤੀ ਜਾਵੇ ਅਤੇ ਇਹਨਾਂ ਨੂੰ ਘੱਟ ਕੀਮਤਾਂ ਉੱਤੇ ਦੁਕਾਨਾਂ ਬਣਾ ਕੇ ਦਿੱਤੀਆਂ ਜਾਣ ਤਾਂ ਜੋ ਇਹਨਾਂ ਦਾ ਵੀ ਨੁਕਸਾਨ ਨਾ ਹੋਵੇ ਅਤੇ ਲੋਕਾਂ ਨੂੰ ਵੀ ਇਹਨਾਂ ਕਾਰਨ ਕੋਈ ਪਰੇਸ਼ਾਨੀ ਨਾ ਆਵੇ।ਇਸਦੇ ਨਾਲ ਹੀ ਉਹਨਾਂ ਸਿਵਿਲ ਸਰਜਨ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਮੀਟ ਮੱਛੀ ਵੇਚਣ ਵਾਲਿਆਂ ਦੇ ਲਾਈਸੈਂਸ ਬਣਾਏ ਜਾਣ ਇਹਨਾਂ ਦੀ ਸਮੇਂ ਸਮੇਂ ਸਿਰ ਜਾਂਚ ਕੀਤੀ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣ ਅਤੇ ਦੁਕਾਨਾਂ ਬੰਦ ਕਰਵਾਈਆਂ ਜਾਣ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ। ਉਹਨਾਂ ਕਿਹਾ ਕਿ ਬਿਨਾਂ ਜਾਂਚ ਕੀਤੇ ਮੀਟ ਮੱਛੀ ਸਿਹਤ ਲਈ ਹਾਨੀਕਾਰਕ ਹੋਣ ਦੇ ਨਾਲ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਇਹਨਾਂ ਕਰਕੇ ਫੈਲਦੀਆਂ ਹਨ ਅਤੇ ਇਸ ਤੋਂ ਬਚਾ ਲਈ ਸਿਹਤ ਵਿਭਾਗ ਨੂੰ ਫੌਰੀ ਤੌਰ ਤੇ ਕਾਰਵਾਈ ਕਰਨੀ ਚਾਹੀਦੀ ਹੈ।