ਚੰਡੀਗੜ੍ਹ : ਜਮਹੂਰੀ ਕਿਸਾਨ ਸਭਾ ਪੰਜਾਬ ਨੇ ਮੰਗ ਕੀਤੀ ਹੈ ਕਿ ਡੀ ਏ ਪੀ ਖਾਦ ਦਾ ਘਪਲਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸੈਲਰਾਂ, ਸਟੋਰਾਂ ਵਿੱਚੋਂ ਝੋਨਾ ਚੁਕਵਾਇਆ ਜਾਵੇ। ਸਭਾ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ ਸਭਾ ਦੀ ਸੂਬਾਈ ਮੀਟਿੰਗ ਦੌਰਾਨ ਪੰਜਾਬ ਦੇ ਕਿਰਤੀ ਕਿਸਾਨਾਂ ਵੱਲੋਂ ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀ ਗਈ ਸਫਲ ਰੈਲੀ ਤੇ ਖੁਸ਼ੀ ਜਾਹਿਰ ਕਰਦਿਆਂ ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਬਹੁਤ ਲੰਮੇ ਸਮੇਂ ਬਾਅਦ ਕਿਸਾਨਾਂ ਨੇ ਪੰਜਾਬ ਦੀ ਰਾਜਧਾਨੀ ਦੇ ਅੰਦਰ ਜਾ ਕਿ ਕੋਈ ਐਕਸ਼ਨ ਕੀਤਾ ਹੈ, ਜਿਸ ਤੋਂ ਕਿਸਾਨਾਂ, ਮਜ਼ਦੂਰਾਂ ਦੀ ਜਥੇਬੰਦ ਤਾਕਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਆਉਣ ਵਾਲੇ ਝੋਨੇ ਦੀ ਫਸਲ ਦੀ ਖਰੀਦ ਦੀ ਹੁਣ ਤੋਂ ਹੀ ਤਿਆਰੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪਹਿਲਾਂ ਹੀ ਸ਼ੈਲਰਾਂ ਤੇ ਪੰਜਾਬ ਦੇ ਸਟੋਰਾਂ ਵਿੱਚ ਪਏ ਝੋਨੇ ਨੂੰ ਚੁੱਕਵਾ ਕੇ ਇਹਨਾਂ ਥਾਵਾ ਨੂੰ ਖਾਲੀ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇ ਸਰਕਾਰ ਨੇ ਜਲਦੀ ਕੋਈ ਐਕਸ਼ਨ ਨਾ ਲਿਆ ਤਾਂ 25 ਸਤੰਬਰ ਨੂੰ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਘਰ ਅੱਗੇ ਧਰਨਾ ਦਿੱਤਾ ਜਾਵੇਗਾ ਅਤੇ 30 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਵਿਚਲੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।ਉਹਨਾਂ ਮੰਗ ਕੀਤੀ ਕਿ ਡੀ ਏ ਪੀ ਖਾਦ ਵਿੱਚ ਹੋਏ ਘਪਲੇ ਦੀ ਜਾਂਚ ਵੱਡੇ ਪੱਧਰ ਤੇ ਕੀਤੀ ਜਾਵੇ, ਕਿਉਂਕਿ ਇਸ ਘਪਲੇ ਵਿੱਚ ਵੱਡੇ ਰਾਜਸੀ ਤੇ ਉੱਚ ਅਧਿਕਾਰੀਆਂ ਦੀ ਮਿਲੀ ਭੁਗਤ ਹੈ। ਉਹਨਾਂ ਕਿਹਾ ਕਿ ਘਟੀਆ ਖਾਦ ਦੀ ਸਪਲਾਈ ਕਰਕੇ ਦੇਸ਼ ਦੇ ਕਿਸਾਨਾਂ ਨਾਲ ਜਿੱਥੇ ਧੋਖਾ ਕੀਤਾ ਗਿਆ ਹੈ, ਉੱਥੇ ਉਹਨਾਂ ਦੀ ਆਰਥਿਕ ਤੇ ਮਾਨਸਿਕ ਲੁੱਟ ਵੀ ਹੋਈ ਹੈ। ਉਹਨਾਂ ਕਿਹਾ ਕਿ ਕਣਕ ਦੇ ਸੀਜਨ ਲਈ ਹੁਣ ਤੋਂ ਹੀ ਪੰਜਾਬ ਦੇ ਕਿਸਾਨਾਂ ਨੂੰ ਡੀ ਏ ਪੀ ਖਾਦ ਮੁਹਈਆ ਕਰਵਾਈ ਜਾਵੇ।ਮੀਟਿੰਗ ਦੌਰਾਨ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਬਾਸਮਤੀ ਝੋਨੇ ਦੀ ਖਰੀਦ ਘੱਟੋ ਘੱਟ 5000/- ਰੁਪਏ ਕੁਵਿੰਟਲ ਤੋਂ ਸ਼ੁਰੂ ਕਰੇ, ਜੇ ਕੇਂਦਰ ਸਰਕਾਰ 5000/- ਰੁਪਏ ਕੁਵਿੰਟਲ ਤੋਂ ਘੱਟ ਖ਼ਰੀਦ ਦੀ ਹੈ ਤਾਂ ਸੂਬਾ ਸਰਕਾਰ ਕਿਸਾਨਾਂ ਨੂੰ ਬੋਨਸ ਦੇ ਕੇ ਬਾਕੀ ਦਾ ਘਾਟਾ ਪੂਰਾ ਕਰੇ।ਸਭਾ ਦੇ ਸੂਬਾਈ ਪ੍ਰੈਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪ੍ਰਦੂਸ਼ਨ ਪੈਦਾ ਕਰਨ ਵਾਲੀਆਂ ਬਾਇਉ ਗੈਸ ਫ਼ੈਕਟਰੀਆਂ ਦੇ ਵਿਰੁੱਧ ਸਾਂਝੀ ਤਾਲਮੇਲ ਕਮੇਟੀ ਵੱਲੋਂ 10 ਸਤੰਬਰ ਨੂੰ ਬੀਜਾ (ਨੇੜੇ ਖੰਨਾ) ਵਿਖੇ ਕੀਤੇ ਜਾ ਰਹੇ ਐਕਸ਼ਨ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਵੱਧ ਚੱੜ ਕੇ ਸ਼ਾਮਿਲ ਹੋਵੇਗੀ। ਉਹਨਾਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਪ੍ਰਦੂਸ਼ਨ ਪੈਦਾ ਕਰ ਰਹੀਆਂ ਫ਼ੈਕਟਰੀਆਂ ਵਿਰੁੱਧ ਸ਼ੁਰੂ ਕੀਤਾ ਗਏ ਅੰਦੋਲਨ ਦੀ ਹਮਾਇਤ ਕਰਦਿਆਂ ਆਖਿਆ ਕਿ ਇਹ ਅੰਦੋਲਨ ਜਿੱਤ ਨਾਲ ਸਮਾਪਤ ਹੋਵੇਗਾ।