ਐਸ ਏ ਐਸ ਨਗਰ : ਕਨਫੈਂਡਰੇਸ਼ਨ ਆਫ ਲਾਇਰਜ ਆਫ ਏਸ਼ੀਆ ਐਂਡ ਦ ਪੈਸਫਿਕ (ਸੀ ਓ ਐਲ ਏਪੀ) ਦੀ ਜਪਾਨ ਦੀ ਰਾਜਧਾਨੀ ਟੋਕਿਓ ਵਿੱਚ ਆਯੋਜਿਤ ਕੀਤੀ ਗਈ ਕਾਨਫਰੰਸ ਦੇ ਆਖਰੀ ਦਿਨ ਹੋਈ ਚੋਣ ਦੌਰਾਨ ਜਪਾਨ ਤੋਂ ਜੰਨੂ ਸਾਸਾਮੋਟੋ ਨੂੰ ਪ੍ਰਧਾਨ ਅਤੇ ਭਾਰਤ ਤੋਂ ਜਸਪਾਲ ਸਿੰਘ ਦੱਪਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਸ੍ਰ਼ ਜਸਪਾਲ ਸਿੰਘ ਦੱਪਰ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਨਿਆਂ, ਮਨੁੱਖੀ ਅਧਿਕਾਰਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਗੰਭੀਰ ਮੁੱਦਿਆਂ ਨੂੰ ਹੱਲ ਕਰਨ ਲਈ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਦੇ ਕਾਨੂੰਨੀ ਪੇਸ਼ੇਵਰ ਇਕੱਠੇ ਹੋਏ ਸਨ ਅਤੇ ਇਸ ਵਾਸਤੇ ਇੰਡੀਅਨ ਲਾਇਰਜ਼ ਐਸੋਸੀਏਸ਼ਨ ਨੇ ਆਲਮੀ ਚਿੰਤਾਵਾਂ ਮਹੱਤਵਪੂਰਨ ਵਿਚਾਰ ਵਟਾਂਦਰੇ ਵਿੱਚ ਯੋਗਦਾਨ ਪਾਉਂਦਿਆਂ ਸ੍ਰੀ ਹਰਚੰਦ ਸਿੰਘ ਬਾਠ ਦੀ ਅਗਵਾਈ ਵਿੱਚ ਕਾਨਫਰੰਸ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
ਕਾਨਫਰੰਸ ਦੇ ਮੁੱਖ ਵਿਸ਼ਿਆਂ ਵਿੱਚੋਂ ਫਲਸਤੀਨ ਉੱਤੇ ਇਜਰਾਇਲ ਦੁਆਰਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਰੂਸੀ ਯੂਕਰੇਨ ਸੰਘਰਸ਼ ਵਿੱਚੋਂ ਨਾਟੋ ਦੀਆਂ ਕਾਰਵਾਈਆਂ ਦੀ ਨਿਖੇਧੀ ਕੀਤੀ ਗਈ ਅਤੇ ਖੇਤਰੀ ਤਨਾਅ ਨੂੰ ਵਧਾਉਣ ਵਿੱਚ ਵਿਦੇਸ਼ੀ ਸ਼ਕਤੀਆਂ ਦੀ ਭੂਮਿਕਾ ਨੂੰ ਉਜਾਗਰ ਕੀਤਾ ਗਿਆ। ਇਸ ਦੌਰਾਨ ਜਾਪਾਨੀ ਡੈਲੀਗੇਟਾਂ ਨੇ ਸੈਕਸ਼ਨ 9 ਵੱਲ ਧਿਆਨ ਖਿੱਚਿਆ ਅਤੇ ਜਪਾਨੀ ਮਾਮਲਿਆਂ ਵਿੱਚ ਸੰਯੁਕਤ ਰਾਜ ਦੇ ਵੱਧ ਰਹੇ ਦਖਲ ਬਾਰੇ ਚਿੰਤਾ ਪ੍ਰਗਟ ਕੀਤੀ।