ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜਥੇਬੰਦੀ ਚੰਡੀਗੜ੍ਹ ਮੋਰਚੇ ਰਾਹੀਂ ਆਪਣੇ ਉਦੇਸ਼ ਵਿੱਚ ਸੌ ਫੀਸਦੀ ਕਾਮਯਾਬ ਰਹੀ ਹੈ। ਸਰਕਾਰ ਦਾ ਧਿਆਨ ਖੇਤੀ ਨੀਤੀ ਵੱਲ ਕੇਂਦਰਿਤ ਕੀਤਾ ਗਿਆ ਹੈ। ਸੋਮਵਾਰ ਨੂੰ ਸੁਨਾਮ ਵਿਖੇ ਕਿਸਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਥੇਬੰਦੀ ਕਿਸਾਨ ਨੀਤੀ ਵੱਲ ਸਰਕਾਰ ਦਾ ਧਿਆਨ ਖਿੱਚਣ 'ਚ ਸਫਲ ਰਹੀ ਹੈ , ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ, ਮਜ਼ਦੂਰ ਅਤੇ ਵਾਤਾਵਰਨ ਪੱਖੀ ਖੇਤੀ ਨੀਤੀ ਲਾਗੂ ਕੀਤੀ ਜਾਵੇ। ਖੇਤੀ ਨੀਤੀ ਨਾ ਸਿਰਫ਼ ਕਿਸਾਨ ਮਜ਼ਦੂਰਾਂ ਦੇ ਜੀਵਨ ਦਾ ਆਧਾਰ ਬਣੇਗੀ ਸਗੋਂ ਪੰਜਾਬ ਦੇ ਹਰ ਵਪਾਰੀ ਦੇ ਹਿੱਤ ਵੀ ਖੇਤੀ ਨੀਤੀ ਨਾਲ ਜੁੜੇ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਨੀਤੀ ਜਥੇਬੰਦੀ ਅਨੁਸਾਰ ਬਣਾਈ ਜਾਵੇ ਤਾਂ ਪੰਜਾਬ ਦੇ ਹਰ ਵਰਗ ਨੂੰ ਇਸ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਵੀ ਕਈ ਮੁੱਦਿਆਂ ਜਿਵੇਂ ਕਿ ਫਸਲਾਂ ਦਾ ਮੁਆਵਜ਼ਾ, ਜ਼ਮੀਨ ਗ੍ਰਹਿਣ ਕਰਨ ਦਾ ਉਚਿਤ ਮੁਆਵਜ਼ਾ, ਗੈਸ ਪਾਈਪ ਲਾਈਨ ਦਾ ਮੁਆਵਜ਼ਾ ਆਦਿ 'ਤੇ ਯੂਨੀਅਨ ਨੇ ਆਪਣਾ ਸਪੱਸ਼ਟ ਸਟੈਂਡ ਰੱਖਿਆ ਹੈ। ਉਗਰਾਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 30 ਸਤੰਬਰ ਤੱਕ ਕਿਸਾਨ ਪੱਖੀ ਖੇਤੀ ਨੀਤੀ ਦਾ ਐਲਾਨ ਕਰਨ ਦਾ ਭਰੋਸਾ ਦਿੱਤਾ ਹੈ। ਇਸ ਤੋਂ ਬਾਅਦ ਜਥੇਬੰਦੀ ਕਿਸਾਨ ਨੀਤੀ ਦੀ ਸਮੀਖਿਆ ਕਰੇਗੀ। ਜੇਕਰ ਕਿਸਾਨ ਨੀਤੀ ਯੂਨੀਅਨ ਦੇ ਭਰੋਸੇ ’ਤੇ ਖਰੀ ਨਾ ਉਤਰੀ ਤਾਂ ਯੂਨੀਅਨ ਮੁੜ ਤੋਂ ਅੰਦੋਲਨ ਕਰਨ ਲਈ ਮਜਬੂਰ ਹੋਵੇਗੀ। ਕਿਸਾਨ ਮਜ਼ਦੂਰ ਆਪਣੇ ਹਿੱਤਾਂ ਦੀ ਰਾਖੀ ਲਈ ਹਰ ਲੜਾਈ ਲਈ ਤਿਆਰ ਹਨ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰਾਂ ਨੂੰ ਲੋਕ ਪੱਖੀ ਨੀਤੀਆਂ ਬਣਾਉਂਣੀਆ ਚਾਹੀਦੀਆਂ ਹਨ ਤਾਂ ਜੋ ਹਰ ਵਰਗ ਆਪਣਾ ਜੀਵਨ ਵਧੀਆ ਬਤੀਤ ਕਰ ਸਕੇ।