ਮੋਹਾਲੀ : ਸਰਕਾਰੀ ਡਾਕਟਰਾਂ ਦੀ ਪ੍ਰਮੁੱਖ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸਿਸ ਐਸੋਸੀਏਸ਼ਨ ਵਲੋਂ ਪੰਜਾਬ ਭਰ ਦੇ ਸਾਰੇ ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿੱਚ 9 ਸਤੰਬਰ ਤੋਂ ਐਲਾਨੀ ਹੋਈ ਹੜਤਾਲ ਅੱਜ ਸ਼ੁਰੂ ਹੋ ਗਈ। 8 ਤੋਂ 11 ਵਜੇ ਤੱਕ ਓਪਡੀ ਸੇਵਾਵਾਂ ਬੰਦ ਰੱਖੀਆਂ ਗਈਆਂ। ਇਸ ਦੌਰਾਨ ਜਿੰਨਾ ਮਰੀਜ਼ਾਂ ਨੂੰ ਹੜਤਾਲ ਬਾਰੇ ਜਾਣਕਾਰੀ ਨਹੀਂ ਸੀ ਉਹ ਸਮੇਂ ਤੇ ਆ ਕੇ ਖੜੇ ਰਹੇ ਅਤੇ ਸਾਰੇ ਹਸਪਤਾਲਾਂ ਵਿੱਚ ਕਾਫੀ ਭੀੜ ਦੇਖੀ ਗਈ। ਮੈਡੀਕਲ ਅਫਸਰਾਂ ਨੇ ਸਰਕਾਰ ਪ੍ਰਤੀ ਆਪਣੀਆਂ ਮੰਗਾਂ ਦੇ ਪੈਂਫਲਟ ਵੰਡ, ਫਲੈਕਸ ਬੈਨਰ ਅਤੇ ਅਤੇ ਭਾਸ਼ਣਾ ਰਾਹੀਂ ਮਰੀਜ਼ਾਂ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ। ਸੁਰੱਖਿਆ ਦੇ ਮੁੱਦੇ ਤੇ ਲੇਡੀ ਡਾਕਟਰਾਂ ਵਿੱਚ ਕਾਫੀ ਰੋਸ ਵੇਖਣ ਨੂੰ ਮਿਲਿਆ ਕਿਉਂਕਿ ਕੱਲ ਵੀ ਮੋਹਾਲੀ ਜਿਲੇ ਵਿੱਚ ਇੱਕ ਗਰਭਵਤੀ ਡਾਕਟਰ ਤੇ ਡਿਊਟੀ ਦੌਰਾਨ ਹਮਲਾ ਕੀਤਾ ਗਿਆ। ਜਿਆਦਾਤਰ ਮਰੀਜ਼ ਵੀ ਡਾਕਟਰਾਂ ਦੀ ਜਾਇਜ਼ ਮੰਗਾਂ ਤੇ ਸਮਰਥਨ ਕਰਦੇ ਹੋਏ ਉਹਨਾਂ ਦੇ ਨਾਲ ਖੜੇ ਦਿਖੇ। ਦੱਸਣ ਯੋਗ ਹੈ ਕਿ ਪਹਿਲਾਂ ਐਸੋਸੀਏਸ਼ਨ ਵੱਲੋਂ ਅਨਿਸ਼ਚਿਤ ਕਾਲ ਤੱਕ ਪੂਰਨ ਤੌਰ ਤੇ ਬੰਦ ਦਾ ਐਲਾਨ ਕੀਤਾ ਗਿਆ ਸੀ ਪਰ ਸਿਹਤ ਮੰਤਰੀ ਵੱਲੋਂ ਕੀਤੀ ਗਈ ਅਪੀਲ ਅਤੇ ਕੈਬਿਨਟ ਦੀ ਸਬ ਕਮੇਟੀ ਦੇ ਤੌਰ ਤੇ ਵਿੱਤ ਮੰਤਰੀ ਨਾਲ ਐਸੋਸੀਏਸ਼ਨ ਨੂੰ ਮੀਟਿੰਗ ਕਰਵਾਏ ਜਾਣ ਦਾ ਸੱਦਾ ਦੇਣ ਤੋਂ ਬਾਅਦ ਡਾਕਟਰਾਂ ਨੇ ਮਰੀਜ਼ਾਂ ਤੇ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਆਪਣਾ ਵਿਧਰੋਹ ਥੋੜਾ ਘਟਾਇਆ ਹੈ। ਉਹਨਾਂ ਕਿਹਾ ਕਿ ਅਸੀਂ ਗੱਲਬਾਤ ਲਈ ਸੁਖਾਵਾਂ ਮਾਹੌਲ ਬਣਾਏ ਰੱਖਣਾ ਚਾਹੁੰਦੇ ਹਾਂ ਪਰ ਹਾਲੇ ਵੀ ਕਿਉਕਿ ਸਰਕਾਰ ਦੀ ਤਰਫ ਤੋਂ ਸਿਹਤ ਮੰਤਰੀ ਦੁਆਰਾ ਦਿੱਤੇ ਗਏ ਸੁਰੱਖਿਆ ਪ੍ਰਬੰਧਾਂ ਦੇ ਭਰੋਸੇ ਜਮੀਨੀ ਪੱਧਰ ਤੇ ਨਹੀਂ ਪਹੁੰਚੇ, ਨਾ ਹੀ ਸਰਕਾਰ ਬਾਰ-ਬਾਰ ਮੀਟਿੰਗਾਂ ਵਿੱਚ ਸਮਾਂ ਬੱਧ ਤਰੱਕੀਆਂ ਸਬੰਧੀ ਕੋਈ ਨੋਟੀਫਿਕੇਸ਼ਨ ਲੈ ਕੇ ਆਈ ਹੈ। ਜੇ ਇਸ ਤੋਂ ਬਾਅਦ ਵੀ ਸਰਕਾਰ ਨੇ ਆਪਣਾ ਢਿੱਲਾ ਰਵਈਆ ਬਣਾਈ ਰੱਖਿਆ ਤਾਂ ਉਹਨਾਂ ਦੀ ਕਿਸੇ ਵੀ ਗੱਲ ਤੇ ਭਰੋਸਾ ਕਰਨਾ ਮੁਸ਼ਕਿਲ ਹੋ ਜਾਵੇਗਾ। ਇਹ ਅੰਦੋਲਨ ਆਪਣੀ ਜਾਇਜ ਪ੍ਰਮੁੱਖ ਮੰਗਾਂ ਮਨਾਉਣ ਤੋਂ ਬਿਨਾਂ ਨਹੀਂ ਰੁਕੇਗਾ। ਐਸੋਸੀਏਸ਼ਨ ਦੇ ਮੁੱਖੀ ਨੇ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਤਰੱਕੀਆਂ ਰੋਕ ਕੇ ਸਰਕਾਰ ਕੀ ਸਰਕਾਰੀ ਹਸਪਤਾਲਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਕਿਓਕਿ ਇਸ ਤਰਾਂ ਚੰਗੇ ਤੇ ਮਾਹਿਰ ਡਾਕਟਰ ਸਰਕਾਰੀ ਹਸਪਤਾਲ ਛੱਡ ਜਾਣਗੇ। ਨਾਲ ਦੇ ਸੂਬੇ ਦਿੱਲੀ ਤੇ ਹਰਿਆਣਾ ਵੀ ਵਿੱਤ ਕਮਿਸ਼ਨ ਦੀਆਂ ਇਕੋ ਜਿਹੀ ਹਦਾਇਤਾਂ ਦੇ ਬਾਵਜੂਦ ਏ.ਸੀ.ਪੀ ਦੇ ਰਹੀਆਂ ਹਨ, ਕੀ ਪੰਜਾਬ ਦੇ ਡਾਕਟਰ ਪੰਜਾਬ ਵਿੱਚੋ ਕੰਮ ਛੱਡ ਕੇ ਨਾਲ ਦੇ ਰਾਜ ਵਿੱਚ ਚਲੇ ਜਾਣ? ਪੰਜਾਬ ਸਰਕਾਰ ਦੇ ਹੀ ਦੂਜੇ ਵਿਭਾਗ ਮੈਡੀਕਲ ਸਿੱਖਿਆ ਤੇ ਖੋਜ ਵਿੱਚ ਸਾਡੇ ਹੀ ਡਾਕਟਰਾਂ ਨੂੰ 4 ਅਤੇ 7 ਸਾਲ ਤੇ ਤਰੱਕੀ ਦਿੱਤੀ ਜਾ ਰਹੀ ਫਿਰ ਸੱਭ ਤੋਂ ਜਰੂਰੀ ਸਿਹਤ ਵਿਭਾਗ ਦੀ ਤਰੱਕੀ ਤੇ ਗ੍ਰਹਣ ਕਿਉ ਲਾਇਆ ਜਾ ਰਿਹਾ ?
ਐਸੋਸੀਏਸ਼ਨ ਨੇ ਆਪਣੀ ਅਗਲੀ ਨੀਤੀ ਬਾਰੇ ਦੱਸਦਿਆਂ ਕਿਹਾ ਕਿ ਇਹ ਹੜਤਾਲ ਦਾ ਰੂਪ ਰੇਖ ਤਿੰਨ ਭਾਗਾਂ ਵਿੱਚ ਵੰਡਿਆ ਜਾ ਰਿਹਾ ਪਹਿਲੇ ਤਿੰਨ ਦਿਨ ਲਈ ਸਿਰਫ ਅੱਧੇ ਦਿਨ ਦੇ ਲਈ ਓਪੀਡੀ ਬੰਦ ਰੱਖੀ ਜਾਵੇਗੀ। ਜੇ ਸਰਕਾਰ ਫਿਰ ਵੀ ਕੋਈ ਹੱਲ ਨਹੀਂ ਲੈ ਕੇ ਆਉਂਦੀ ਤਾਂ ਫੇਸ ਦੋ ਵਿੱਚ 12 ਸਤੰਬਰ ਤੋਂ ਪੂਰੇ ਸਮੇਂ ਲਈ ਸਾਰੀਆਂ ਸੇਵਾਵਾਂ ਬੰਦ ਕਰਤੀਆਂ ਜਾਣਗੀਆਂ। ਸਿਰਫ ਐਮਰਜਂਸੀ ਮਰੀਜ਼ਾਂ ਦੀ ਲੋੜ ਨੂੰ ਦੇਖਦੇ ਹੋਏ ਬਹਾਲ ਰੱਖੀ ਜਾਵੇਗੀ। ਇਸ ਤੋਂ ਬਾਅਦ ਵੀ 16 ਸਤੰਬਰ ਜੇਕਰ ਨੌਬਤ ਆਈ ਤਾਂ ਹਰ ਤਰ੍ਹਾਂ ਦੇ ਮੈਡੀਕੋ ਲੀਗਲ ਸੇਵਾਵਾਂ ਵੀ ਡਾਕਟਰ ਮਜਬੂਰ ਹੋ ਕੇ ਛੱਡ ਜਾਣਗੇ। ਇਹ ਸਭ ਵੇਖਦੇ ਹੋਏ ਇਹ ਜਾਪਦਾ ਹੈ ਕਿ, ਸਰਕਾਰ ਨੂੰ ਜਲਦ ਹੀ ਇਹਨਾਂ ਮੁੱਦਿਆਂ ਦੇ ਹੱਲ ਕੱਢਣੇ ਪੈਣਗੇ। ਨਹੀਂ ਤਾਂ ਡਾਕਟਰਾਂ ਦੀ ਹੜਤਾਲ ਦਾ ਮਰੀਜ਼ਾਂ ਨੂੰ ਖਮਿਆਜਾ ਭੁਗਤਣਾ ਪੈ ਸਕਦਾ ਹੈ। ਡਾਕਟਰਾਂ ਨੂੰ ਹੋਰ ਵੀ ਸਰਕਾਰੀ ਕਰਮਚਾਰੀ ਜਥੇਬੰਦੀਆਂ ਦਾ ਤੇ ਪਬਲਿਕ ਦਾ ਸਾਥ ਮਿਲ ਰਿਹਾ।