ਐਸ ਏ ਐਸ ਨਗਰ : ਸਥਾਨਕ ਸੈਕਟਰ 71 ਵਿੱਚ ਪਿੰਡ ਮਟੌਰ ਦੇ ਨਾਲ ਲੱਗਦੀ ਥਾਂ ਤੇ ਨਗਰ ਨਿਗਮ ਵਲੋਂ ਕੂੜਾ ਇਕੱਤਰ ਕਰਨ ਲਈ ਬਣਾਏ ਗਏ ਕੇਂਦਰ ਦੇ ਬਾਹਰ ਸੜਕ ਦੇ ਕਿਨਾਰੇ ਤੇ ਗੰਦਗੀ ਦੀ ਭਰਮਾਰ ਹੈ। ਇਸ ਥਾਂ ਤੇ ਲਗਭਗ 300 ਮੀਟਰ ਦੇ ਕਰੀਬ ਥਾਂ ਤੇ ਕੂੜਾ ਖਿੱਲਰਿਆ ਹੋਇਆ ਹੈ ਜਿਸਤੋਂ ਬਹੁਤ ਗੰਦੀ ਬਦਬੂ ਆਉਂਦੀ ਹੈ। ਇਸ ਕੂੜੇ ਵਿੱਚ ਆਵਾਰਾ ਪਸ਼ੂ ਸਾਰਾ ਦਿਨ ਮੂੰਹ ਮਾਰਦੇ ਰਹਿੰਦੇ ਹਨ ਅਤੇ ਇਸ ਕੂੜੇ ਨੂੰ ਖਿਲਾਰ ਦਿੰਦੇ ਹਨ।
ਪਿੰਡ ਮਟੌਰ ਦੇ ਵਸਨੀਕ ਸਮਾਜਸੇਵੀ ਆਗੂ ਸ੍ਰ਼ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਇਸ ਕੂੜੇ ਵਿੱਚ ਆਉਂਦੀ ਗੰਦੀ ਬਦਬੂ ਕਾਰਨ ਲੋਕਾਂ ਦਾ ਇੱਥੋਂ ਲੰਘਣਾ ਵੀ ਔਖਾ ਹੋ ਗਿਆ ਹੈ। ਉਹਨਾਂ ਕਿਹਾ ਕਿ ਲੋਕਾਂ ਦੇ ਘਰਾਂ ਤੋਂ ਕੂੜਾ ਇਕੱਠਾ ਕਰਨ ਵਾਲੇ ਰੇਹੜੀਆਂ ਵਾਲੇ ਇਸ ਆਰ ਐਮ ਸੀ ਸੈਂਟਰ ਦੇ ਬਾਹਰ ਹੀ ਕੂੜਾ ਸੁੱਟ ਜਾਂਦੇ ਹਨ ਅਤੇ ਇਹ ਕੂੜਾ ਬਾਹਰ ਪਿਆ ਸੜਦਾ ਰਹਿੰਦਾ ਹੈ।
ਉਹਨਾਂ ਕਿਹਾ ਕਿ ਨਗਰ ਨਿਗਮ ਦੀ ਸੈਨੇਟਰੀ ਸ਼ਾਖਾ ਦੇ ਕਰਮਚਾਰੀ ਗਿੱਲਾ ਅਤੇ ਸੁੱਕਾ ਕੂੜਾ ਵੱਖ ਨਾ ਕਰਨ ਤੇ ਲੋਕਾਂ ਦੇ ਤਾਂ ਚਾਲਾਨ ਕਰਦੇ ਹਨ ਪਰੰਤੂ ਇਸ ਆਰ ਐਮ ਸੀ ਕੇਂਦਰ ਦੇ ਬਾਹਰ ਪਏ ਇਸ ਕੂੜੇ ਲਈ ਨਗਰ ਨਿਗਮ ਦੀ ਸੈਨੇਟਰੀ ਸ਼ਾਖਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਚਾਲਾਨ ਕੀਤਾ ਜਾਣਾ ਚਾਹੀਦਾ ਹੈ ਅਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।
ਉਹਨਾਂ ਮੰਗ ਕੀਤੀ ਕਿ ਇਸ ਥਾਂ ਦੀ ਤੁਰੰਤ ਸਫਾਈ ਕਰਵਾਈ ਜਾਵੇ ਅਤੇ ਇੱਥੇ ਦਵਾਈ ਦਾ ਛਿੜਕਾਅ ਕਰਵਾਇਆ ਜਾਵੇ ਤਾਂ ਜੋ ਇੱਥੇ ਕੋਈ ਬਿਮਾਰੀ ਨਾ ਫੈਲੇ।