ਐਸ ਏ ਐਸ ਨਗਰ : ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਵਲੋਂ ਗੈਂਗਸਟਰਾਂ ਤੇ ਕਾਬੂ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ 6 ਅਪ੍ਰੈਲ 2022 ਤੋਂ 9 ਸਤੰਬਰ 2024 ਤਕ ਦੇ ਸਮੇਂ ਦੌਰਾਨ 5 ਗੈਂਗਸਟਰਾਂ ਨੂੰ ਦੁਨੀਆ ਦੇ ਵੱਖ ਵੱਖ ਦੇਸ਼ਾਂ ਤੋਂ ਹਵਾਲਗੀ ਅਧੀਨ ਭਾਰਤ ਲਿਆਂਦਾ ਗਿਆ ਹੈ। ਇਸਦੇ ਨਾਲ ਹੀ ਏ ਜੀ ਟੀ ਐਫ ਵਲੋਂ ਸੋਸ਼ਲ ਮੀਡੀਆ ਤੇ ਗੈਂਗਸਟਰਾਂ ਦੀਆਂ ਇਤਰਾਜਯੋਗ ਪੋਸਟਾਂ ਅਪਲੋਡ ਕਰਨ ਵਾਲੇ 203 ਸੋਸ਼ਲ ਮੀਡੀਆ ਖਾਤਿਆਂ ਨੂੰ ਵੀ ਬਲਾਕ ਕੀਤਾ ਗਿਆ ਹੈ। ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਏ ਜੀ ਟੀ ਐਫ ਦੇ ਏ ਆਈ ਜੀ ਗੁਰਮੀਤ ਸਿੰਘ ਚੌਹਾਨ ਅਤੇ ਏ ਆਈ ਜੀ ਸੰਦੀਪ ਗੋਇਲ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਏ ਜੀ ਟੀ ਐਫ ਵਲੋਂ 1408 ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਹੈ ਜਿਹਨਾਂ ਵਿੱਚ 12 ਗੈਂਗਸਟਰ ਅਤੇ 505 ਗੈਂਗਸਟਰਾਂ ਦੇ ਗਿਰੋਹ ਮੈਂਬਰ ਹਨ। ਉਹਨਾਂ ਦੱਸਿਆ ਕਿ ਇਸ ਦੌਰਾਨ 132 ਹਥਿਆਰ ਅਤੇ 292 ਵਾਹਨ ਵੀ ਬਰਾਮਦ ਕੀਤੇ ਗਏ ਹਨ।
ਉਹਨਾਂ ਕਿਹਾ ਕਿ ਗੈਂਗਸਟਰਾਂ ਵਲੋਂ ਆਪਣੀ ਦਹਿਸ਼ਤ ਫੈਲਾਉਣ ਲਈ ਵਰਤੇ ਜਾਂਦੇ ਸੋਸ਼ਲ ਮੀਡੀਆ ਤੇ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਅਰੰਭੀ ਗਈ ਹੈ ਜਿਸਦੇ ਤਹਿਤ ਹੁਣ ਤਕ ਫੇਸਬੁਕ ਦੇ 132 ਅਤੇ ਇੰਸਟਾਗ੍ਰਾਮ ਦੇ 71 ਖਾਤੇ ਬਲਾਕ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਫੋਰਸ ਵਲੋਂ ਯੂ ਏ ਈ, ਅਰਜਰਬੈਜਾਨ ਅਤੇ ਹਾਂਗਕਾਂਗ ਤੋਂ 1ੑ1 ਅਤੇ ਫਿਲੀਪੀਨਸ ਤੋਂ 2 ਗੈਂਗਸਟਰਾਂ ਨੂੰ ਹਵਾਲਗੀ ਅਧੀਨ ਭਾਰਤ ਲਿਆਂਦਾ ਗਿਆ ਹੈ। ਇਹਨਾਂ ਵਿੱਚ ਗੈਂਗਸਟਰ ਵਿਕਰਮਜੀਤ ਸਿੰਘ ਬਰਾੜ ਉਰਫ਼ ਵਿੱਕੀ ਵਾਸੀ ਪਿੰਡ ਡਿੰਗਵਾਲਾ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਨੂੰ ਯੂ ਏ ਈ ਤੋਂ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਪੀਟਾ ਵਾਸੀ ਪਿੰਡ ਬੁਈਆਂਵਾਲਾ, ਜਿਲ੍ਹਾ ਫਿਰੋਜ਼ਪੁਰ ਅਤੇ ਕੈਨੇਡਾ ਸਥਿਤ ਅੱਤਵਾਦੀ ਅਰਸ਼ਦੀਪ ਸਿੰਘ ਉਰਸ਼ ਅਰਸ਼ ਡਾਲਾ ਦੇ ਸਾਥੀ ਮਨਦੀਪ ਸਿੰਘ ਨੂੰ ਫਿਲੀਪੀਨਜ਼ ਤੋਂ, ਗੈਂਗਸਟਰ ਵਿੱਕੀ ਗੌਂਡਰ ਗੈਂਗ ਦੇ ਰਮਨਜੀਤ ਸਿੰਘ ਉਰਫ਼ ਰੋਮੀ ਵਾਸੀ ਬੰਗੀ ਕਲਾਂ, ਜ਼ਿਲ੍ਹਾ ਬਠਿੰਡਾ ਨੂੰ ਹਾਂਗਕਾਂਗ ਤੋਂ ਅਤੇ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਗੈਂਗਸਟਰ ਸਚਿਨ ਥਾਪਨ ਉਰਫ ਸਚਿਨ ਬਿਸ਼ਨੋਈ ਵਾਸੀ ਪਿੰਡ ਦੁਤਾਰਾਵਾਲੀ, ਜਿਲ੍ਹਾ ਫਾਜ਼ਿਲਕਾ ਨੂੰ ਅਜ਼ਰਬਾਈਜਾਨ ਤੋਂ ਹਵਾਲਗੀ ਤਹਿਤ ਲਿਆਂਦਾ ਗਿਆ ਹੈ। ਐਸ ਐਸ ਪੀ ਫਿਰੋਜਪੁਰ ਸੌਮਿਆ ਮਿਸ਼ਰਾ ਅਤੇ ਡੀ ਐਸ ਪੀ ਬਿਕਰਮਜੀਤ ਸਿੰਘ ਬਰਾੜ ਵੀ ਮੌਜੂਦ ਸਨ।