ਐਸ ਏ ਐਸ ਨਗਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਡੀਸੀ ਮੁਹਾਲੀ ਦੇ ਦਫਤਰ ਅੱਗੇ ਡੀਜ਼ਲ ਪੈਟਰੋਲ ਤੇ ਲਾਇਆ ਟੈਕਸ, ਬੱਸ ਕਿਰਾਏ ਅਤੇ ਬਿਜਲੀ ਦਰਾਂ ਵਿੱਚ ਕੀਤੇ ਵਾਧੇ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਪ੍ਰਧਾਨ ਰਤਨ ਸਿੰਘ ਰੰਧਾਵਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਪੰਜਾਬ ਦੇ ਮੁੱਖ ਮੰਤਰੀ ਨਾਂ ਮੰਗ ਪੱਤਰ ਵੀ ਦਿੱਤਾ ਗਿਆ।
ਇਸ ਮੌਕੇ ਸ੍ਰ਼ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਸੂਬੇ ਦੇ ਲੋਕ, ਖਾਸ ਕਰਕੇ ਕਿਰਤੀ ਸ਼੍ਰੇਣੀ ਪਹਿਲਾਂ ਹੀ ਖਤਰਨਾਕ ਬੇਰੁਜ਼ਗਾਰੀ, ਲੱਕ ਤੋੜ ਮਹਿੰਗਾਈ ਦੀ ਮਾਰ ਥੱਲੇ ਦੱਬੇ ਹੋਏ ਹਨ। ਇਸ ਤੋਂ ਬਿਨਾਂ ਵੰਨੑਸੁਵੰਨੇ, ਬੇਸ਼ੁਮਾਰ ਟੈਕਸਾਂ ਦਾ ਬੋਝ ਵੀ ਆਮ ਲੋਕਾਂ ਦਾ ਕਚੂਮਰ ਕੱਢ ਰਿਹਾ ਹੈ। ਅਜਿਹੇ ਹਾਲਾਤ ਵਿਚ ਸੂਬਾ ਵਾਸੀਆਂ ਦੀ ਜੂਨ ਸੁਖਾਲੀ ਕਰਨ ਲਈ ਕੋਈ ਰਾਹਤ ਦੇਣ ਦੀ ਬਜਾਏ ਆਪ ਜੀ ਦੀ ਸਰਕਾਰ ਨੇ ਡੀਜਲੑਪੈਟਰੋਲ ਤੇ ਵੈਟ ਲਾਉਣ ਰਾਹੀਂ ਅਤੇ ਬਿਜਲੀ ਦਰਾਂ ਤੇ ਬੱਸ ਭਾੜੇ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ ਜਿਸ ਦੇ ਸਿੱਟੇ ਵਜੋਂ ਨਾਂ ਮਾਤਰ ਕਮਾਈਆਂ ਕਰਨ ਵਾਲੇ ਗਰੀਬਾਂ ਲੋਕਾਂ ਸਿਰ ਹਜ਼ਾਰਾਂ ਕਰੋੜ ਰੁਪਏ ਦਾ ਵਾਧੂ ਬੋਝ ਲੱਦਿਆ ਜਾਵੇਗਾ। ਸਰਕਾਰ ਦੇ ਇਸ ਨਿਰਣੇ ਤੋਂ ਸੂਬੇ ਦੇ ਲੋਕ ਡਾਢੇ ਖਫਾ ਹਨ।
ਉਹਨਾਂ ਮੰਗ ਕੀਤੀ ਕਿ ‘ਆਪ‘ ਸਰਕਾਰ ਸੂਬੇ ਦਾ ਖਜ਼ਾਨਾ ਭਰਨ ਲਈ ਆਪਣੇ ਚੋਣ ਵਾਅਦੇ ਅਨੁਸਾਰ ਧਨਾਢਾਂ ਤੋਂ ਭਾਰੀ ਟੈਕਸ ਵਸੂਲ ਕਰੇ। ਉਹਨਾਂ ਕਿਹਾ ਕਿ ਸਰਕਾਰ ਭ੍ਰਿਸ਼ਟ ਰਾਜਨੀਤੀਵਾਨਾਂ ਤੇ ਨੌਕਰਸ਼ਾਹਾਂ ਦੀ ਕਾਲੀ ਕਮਾਈ ਬਰਾਮਦ ਕਰੇ ਅਤੇ ਮਾਫੀਆ ਦੀ ਲੁੱਟ ਬੰਦ ਕਰਕੇ ਆਮਦਨ ਦੇ ਵਸੀਲੇ ਜੁਟਾਏ।
ਉਹਨਾਂ ਕਿਹਾ ਕਿ ਅਜਿਹਾ ਨਾ ਕੀਤੇ ਜਾਣ ਦੀ ਸੂਰਤ ਵਿੱਚ ਪਾਰਟੀ ਵਲੋਂ ਹੋਰਨਾਂ ਖੱਬੀਆਂ ਪਾਰਟੀਆਂ ਅਤੇ ਕ੍ਰਾਂਤੀ ਸੰਗਠਨਾਂ ਨਾਲ ਮਿਲ ਕੇ ਪ੍ਰਸ਼ਾਸਕੀ ਲੁੱਟ ਖਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਗਟ ਸਿੰਘ ਜਾਮਾਰਾਏ ਅਤੇ ਸੱਜਣ ਸਿੰਘ (ਦੋਵੇਂ ਸਕੱਤਰ), ਇੰਦਰਜੀਤ ਸਿੰਘ ਗਰੇਵਾਲ ਅਤੇ ਹੋਰ ਪਤਵੰਤੇ ਹਾਜਰ ਸਨ।