ਐਸ ਏ ਐਸ ਨਗਰ : ਆਰੀਅਨਜ ਗਰੁੱਪ ਆਫ ਕਾਲੇਜਿਸ, ਰਾਜਪੁਰਾ ਵਲੋਂ ਲਾਲਾ ਜਗਤ ਨਾਰਾਇਣ ਦੀ 43ਵੀਂ ਬਰਸੀ ਤੇ ਇੱਕ ਸਵੈ ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪਟਿਆਲਾ, ਡਾ: ਹਰਜਿੰਦਰ ਸਿੰਘ ਬੇਦੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਸਿਵਲ ਸਰਜਨ ਪਟਿਆਲਾ ਡਾ: ਜਤਿੰਦਰ ਕਾਂਸਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰਧਾਨਗੀ ਆਰੀਅਨਜ ਗਰੁੱਪ ਦੇ ਚੇਅਰਮੈਨ ਡਾ: ਅੰਸ਼ੂ ਕਟਾਰੀਆ ਨੇ ਕੀਤੀ। ਕੈਂਪ ਵਿੱਚ 51 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਰਜਿੰਦਰਾ ਹਸਪਤਾਲ, ਪਟਿਆਲਾ ਤੋਂ ਆਈ ਟੀਮ ਨੇ ਖੂਨਦਾਨ ਕਰਨ ਵਾਲੇ ਸਵੈ ਇੱਛੁਕ ਅਤੇ ਯੋਗਦਾਨੀਆਂ ਦਾ ਮੈਡੀਕਲ ਚੈਕਅੱਪ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਡਾ: ਬੇਦੀ ਨੇ ਕਿਹਾ ਕਿ ਖੂਨਦਾਨ ਕੈਂਪ ਲਗਾਉਣਾ ਅਤੇ ਖੂਨਦਾਨ ਕਰਨਾ ਮਾਨਵਤਾ ਦੀ ਸੇਵਾ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਹੈ। ਸਿਵਲ ਸਰਜਨ, ਪਟਿਆਲਾ ਡਾ: ਕਾਂਸਲ ਨੇ ਕਿਹਾ ਕਿ ਜਿਹੜਾ ਖੂਨ ਇੱਥੇ ਇਕੱਤਰ ਕੀਤਾ ਜਾ ਰਿਹਾ ਹੈ ਉਸ ਵਿੱਚੋਂ ਪ੍ਰਤੀ ਯੂਨਿਟ ਖੂਨ ਦੀ ਵਰਤੋਂ ਦੋ ਤੋਂ ਤਿੰਨ ਮਰੀਜਾਂ ਦੇ ਕੰਮ ਆਉਂਦਾ ਹੈ ਜਿਹਨਾਂ ਨੂੰ ਲਾਲ ਸੈੱਲਾਂ, ਪਲੇਟਲੈਟਸ ਅਤੇ ਪਲਾਜਮਾ ਵਰਗੇ ਵਿਸ਼ੇਸ਼ ਹਿੱਸੇ ਦੀ ਲੋੜ ਹੁੰਦੀ ਹੈ। ਡਾ: ਅੰਸ਼ੂ ਕਟਾਰੀਆ ਨੇ ਦੱਸਿਆ ਕਿ ਆਰੀਅਨਜ ਗਰੁੱਪ ਆਪਣੀ ਸਮਾਜਿਕ ਜ਼ਿੰਮੇਵਾਰੀ ਦੇ ਤਹਿਤ ਪਿਛਲੇ 18 ਸਾਲਾਂ ਤੋਂ ਖੂਨਦਾਨ ਅਤੇ ਮੁਫਤ ਸਿਹਤ ਕੈਂਪ ਦਾ ਆਯੋਜਨ ਕਰ ਰਿਹਾ ਹੈ। ਇਸ ਮੌਕੇ ਆਰੀਅਨਜ ਇੰਸਟੀਚਿਊਟ ਆਫ ਨਰਸਿੰਗ ਦੀ ਪ੍ਰਿੰਸੀਪਲ ਸ਼੍ਰੀਮਤੀ ਕਮਲੇਸ਼ ਰਾਣੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰਜਿੰਦਰਾ ਹਸਪਤਾਲ, ਪਟਿਆਲਾ ਤੋਂ ਡਾ: ਸ਼ੈਫਾਲੀ, ਸੁਖਵਿੰਦਰ ਸਿੰਘ (ਪ੍ਰਚਾਰ ਸਹਾਇਕ), ਵਿਕਾਸ (ਨਰਸਿੰਗ ਅਫਸਰ), ਰਮਨਦੀਪ ਕੌਰ (ਨਰਸਿੰਗ ਅਫਸਰ), ਸੁਭਾਸ਼ (ਨਰਸਿੰਗ ਅਫਸਰ), ਜੀਵਨ ਲੇਟਾ (ਨਰਸਿੰਗ ਅਫਸਰ), ਉਰਿੰਦਰਪਾਲ ਸਿੰਘ, ਕੇਸਰ ਸਿੰਘ (ਸਹਾਇਕ), ਮਦਨਲਾਲ (ਹੈਲਪਰ) ਕਿਰਨ ਆਦਿ ਹਾਜ਼ਰ ਸਨ।