ਐਸ ਏ ਐਸ ਨਗਰ : ਪੀ ਐਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ, ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ ਜੂਨੀਅਰ ਇੰਨਜੀਨਅਰਾਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਸੰਘਰਸ਼ ਦੀ ਲੜੀ ਤਹਿਤ ਸਾਂਝੇ ਸੱਦੇ ਤੇ ਅੱਜ ਬਿਜਲੀ ਮੁਲਾਜਮ ਤਿੰਨ ਦਿਨਾਂ ਦੀ ਸਮੂਹਿਕ ਛੁੱਟੀ ਤੇ ਚਲੇ ਗਏ।
ਇਸ ਸੰਬੰਧੀ ਬਿਜਲੀ ਕਰਮਚਾਰੀਆਂ ਵਲੋਂ ਸਰਕਲ ਐਸ ਏ ਐਸ ਨਗਰ ਅਧੀਨ ਤਿੰਨੇ ਡਵੀਜ਼ਨਾਂ ਵਿੱਚ ਸਮੂਹਿਕ ਛੁੱਟੀ ਲੈ ਕੇ ਆਪਣੇ ਦਫਤਰਾਂ ਅੱਗੇ ਰੋਸ ਧਰਨੇ ਦਿੱਤੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਾਵਰਕੌਮ ਮੈਨੇਜਮੈਂਟ ਵੱਲੋਂ ਪਿਛਲੇ ਸਮੇਂ ਦੌਰਾਨ ਹੋਈਆਂ ਸਹਿਮਤੀਆਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਪਿਛਲੇ ਮਹੀਨੇ (31.7.24) ਨੂੰ ਬਿਜਲੀ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਹੋਈਆਂ ਸਹਿਮਤੀਆਂ ਨੂੰ ਲਾਗੂ ਨਹੀਂ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਛੀਨਾ, ਮੋਹਨ ਸਿੰਘ ਗਿੱਲ, ਸੁਖਿੰਦਰਪਾਲ ਸਿੰਘ, ਬਲਵਿੰਦਰ ਕੁਮਾਰ, ਸੁਖਦੇਵ ਰਾਜ, ਸਵਰਨਜੀਤ ਸਿੰਘ, ਸੁਰਿੰਦਰਪਾਲ ਲਹੌਰੀਆ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਮੁਲਾਜ਼ਮ ਦੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਮੁਲਾਜ਼ਮ ਹੋਰ ਵੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਸਟੇਜ ਦੀ ਕਾਰਵਾਈ ਸਿਵ ਮੂਰਤੀ ਵਲੋਂ ਚਲਾਈ ਗਈ।