ਐਸ ਏ ਐਸ ਨਗਰ : ਗੁਰਦੁਆਰਾ ਤਾਲਮੇਲ ਕਮੇਟੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪ੍ਰਧਾਨ ਸ੍ਰੀ ਜੋਗਿੰਦਰ ਸਿੰਘ ਸੌਂਧੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਸ਼ 4 ਮੁਹਾਲੀ ਵਿਖੇ ਹੋਈ ਤਾਲਮੇਲ ਕਮੇਟੀ ਦੀ ਕੋਰ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਵਿੱਚ 6 ਫੇਸ਼ ਸਥਿਤ ਅੰਤਰਰਾਸ਼ਟਰੀ ਬੱਸ ਅੱਡੇ ਤੇ ਲਗਾਏ ਗਏ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਨੂੰ ਹਟਾਏ ਜਾਣ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮਗ ਕੀਤੀ ਗਈ ਹੈ ਕਿ ਹਟਾਏ ਗਏ ਬੁੱਤ ਨੂੰ ਤੁਰੰਤ ਲਗਾਇਆ ਜਾਵੇ। ਇਸ ਮੌਕੇ ਬੋਲਦਿਆਂ ਤਾਲਮੇਲ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ਼ ਮਨਜੀਤ ਸਿੰਘ ਮਾਨ ਨੇ ਕਿਹਾ ਕਿ ਹਿੰਦੂਆਂ ਅਤੇ ਗੈਰ ਮੁਸਲਮਾਨਾਂ ਉੱਪਰ ਹੋ ਰਹੇ ਮੁਗਲਾਂ ਦੇ ਜੁਲਮਾਂ ਨੂੰ ਠੱਲ ਪਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੀਤੇ ਪਰ ਉਪਕਾਰਾਂ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ। ਸ੍ਰ ਜੋਗਿੰਦਰ ਸਿੰਘ ਸੋਧੀ ਨੇ ਕਿਹਾ ਮਨੁੱਖਤਾ ਦੇ ਭਲੇ ਲਈ ਅਤੇ ਜੁਲਮ ਦੇ ਵਿਰੁੱਧ ਦਿੱਤੀ ਗਈ ਸ਼ਹਾਦਤ ਸਾਰੀ ਦੁਨੀਆ ਵੱਖਰੀ ਮਿਸਾਲ ਹੈ। ਉਹਨਾਂ ਦਾ ਲਗਾਇਆ ਗਿਆ ਬੁੱਤ ਹਟਾਉਣਾ ਇੱਕ ਅਪਮਾਨ ਵਾਲੀ ਗੱਲ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਵਿਚਾਰ ਪ੍ਰਗਟ ਕਰਦਿਆਂ ਕਰਮ ਸਿੰਘ ਬਬਰਾ, ਅਮਰਜੀਤ ਸਿੰਘ ਪਾਹਵਾ, ਪ੍ਰੀਤਮ ਸਿੰਘ ਅਤੇ ਸੁਰਜੀਤ ਸਿੰਘ ਮਠਾੜੂ ਨੇ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਪਾਕ ਧਰਤੀ ਚਪੜ ਚਿੜੀ ਦੇ ਯੁੱਧ ਕਾਰਨ ਸ਼ਹੀਦਾਂ ਮਹਾਂਪੁਰਖਾਂ ਅਤੇ ਗੁਰਸਿੱਖਾਂ ਦੀ ਸ਼ਰਧਾ ਕੁਰਬਾਨੀਆਂ ਅਤੇ ਪਿਆਰ ਨਾਲ ਰੰਗੀ ਹੋਈ ਹੈ। ਮੀਟਿੰਗ ਵਿੱਚ ਗੁਰਦੁਆਰਾ ਸਾਹਿਬ ਫੇਸ਼ 5 ਅਤੇ 4 ਤੋਂ ਕਰਮਵਾਰ ਸਮਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਵੀ ਸ਼ਾਮਿਲ ਹੋਏ। ਅੰਤ ਵਿੱਚ ਸਰਬ ਸੰਮਤੀ ਨਾਲ ਸਾਰਿਆਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਸ ਅੱਡੇ ਤੋਂ ਹਟਾਏ ਗਏ ਬੁੱਤ ਨੂੰ ਤੁਰੰਤ ਉੱਥੇ ਲਗਾਇਆ ਜਾਵੇ ਤਾਂ ਕਿ ਆਪਸੀ ਪ੍ਰੇਮ ਪਿਆਰ ਅਤੇ ਸਦਭਾਵਨਾ ਨੂੰ ਕਾਇਮ ਰੱਖਿਆ ਜਾ ਸਕੇ। ਕਮੇਟੀ ਵਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਦੀ ਗੱਲ ਨਹੀਂ ਮੰਨੀ ਗਈ ਤਾਂ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।