ਐਸ ਏ ਐਸ ਨਗਰ : ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ (ਡੀ ਜੀ ਪੀ) ਗੌਰਵ ਯਾਦਵ ਨੇ ਆਮ ਆਦਮੀ ਪਾਰਟੀ (ਆਪ) ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਆਈ ਪੀ ਐਸ ਅਧਿਕਾਰੀ ਜੋਤੀ ਯਾਦਵ ਜੋੜੇ ਵਿਰੁੱਧ ਕਥਿਤ ਦੋਸ਼ਾਂ ਅਤੇ ਸ਼ਿਕਾਇਤ ਕਰਤਾ ਇੰਸਪੈਕਟਰ ਦੀ ਭੂਮਿਕਾ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਦਾ ਗਠਨ ਕੀਤਾ ਹੈ।
ਜਿਕਰਯੋਗ ਹੈ ਕਿ ਮੁਹਾਲੀ ਜ਼ਿਲ੍ਹੇ ਦੀ ਸਾਈਬਰ ਕਰਾਈਮ ਦੀ ਇੰਸਪੈਕਟਰ ਰਹੀ ਅਮਨਜੋਤ ਕੌਰ ਨੇ ਡੀ ਜੀ ਪੀ ਪੰਜਾਬ ਨੁੂੰ ਲਿਖੇ ਆਪਣੇ ਪੱਤਰ ਵਿੱਚ 100 ਕਰੋੜ ਰੁਪਏ ਦੇ ਕਥਿਤ ਸਾਈਬਰ ਘੁਟਾਲੇ ਦੇ ਦੋਸ਼ ਲਾਏ ਸਨ ਜਿਸ ਤੋਂ ਬਾਅਦ ਇਸ ਐਸ ਆਈ ਟੀ ਦਾ ਗਠਨ ਕੀਤਾ ਗਿਆ ਹੈ। ਪੰਜਾਬ ਪੁਲੀਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਡੀ ਜੀ ਪੀ ਪੰਜਾਬ ਗੌਰਵ ਯਾਦਵ ਇਸ ਮਾਮਲੇ ਨੂੰ ਲੈ ਕੇ ਬਹੁਤ ਗੰਭੀਰ ਹਨ ਅਤੇ ਉਨ੍ਹਾਂ ਨੇ ਆਪਣੇ ਹੋਰ ਉੱਚ ਰੈਂਕ ਦੇ ਅਧਿਕਾਰੀਆਂ ਨੂੰ ਐਸ ਆਈ ਟੀ ਨੂੰ ਬੈਕਹੈਂਡ ਸਮਰਥਨ ਦਿੰਦੇ ਹੋਏ ਮਾਮਲੇ ਤੇ ਕੰਮ ਕਰਨ ਲਈ ਕਿਹਾ ਹੈ।
ਐਸ ਆਈ ਟੀ ਦੀ ਅਗਵਾਈ ਏ ਡੀ ਜੀ ਪੀ ਵੀ ਨੀਰਜਾ ਕਰਨਗੇ, ਜਿਸ ਵਿੱਚ ਆਈ ਜੀ ਪੀ ਧਨਪ੍ਰੀਤ ਕੌਰ ਅਤੇ ਮੁਹਾਲੀ ਦੇ ਐਸ ਐਸ ਪੀ ਦੀਪਕ ਪਾਰੀਕ ਸ਼ਾਮਿਲ ਹਨ। ਇਸ ਸਬੰਧੀ ਏ ਡੀ ਜੀ ਪੀ ਵੀ ਨੀਰਜਾ ਨੇ ਕਿਹਾ ਕਿ ਉਹ ਇਸ ਸਮੇਂ ਮੈਂ ਕਿਸੇ ਜ਼ਰੂਰੀ ਮੀਟਿੰਗ ਲਈ ਦਿੱਲੀ ਵਿੱਚ ਹਨ ਅਤੇ ਜਦੋਂ ਉਹ ਪੰਜਾਬ ਆਣਗੇ ਤਾਂ ਹੁਕਮਾਂ ਅਨੁਸਾਰ ਜਾਚ ਕਰਣਗੇ।
ਜਿਕਰਯੋਗ ਹੈ ਕਿ ਮਹਿਲਾ ਇੰਸਪੈਕਟਰ ਨੇ ਡੀ ਜੀ ਪੀ ਪੰਜਾਬ ਨੂੰ ਪੱਤਰ ਲਿਖ ਕੇ ਪੰਜਾਬ ਵਿੱਚ 100 ਕਰੋੜ ਰੁਪਏ ਦੇ ਸਾਈਬਰ ਘੁਟਾਲੇ ਵਿੱਚ ਕਥਿਤ ਤੌਰ ਤੇ ਮੰਤਰੀ ਆਈ ਪੀ ਐਸ ਜੋੜੇ ਤੇ ਸ਼ਾਮਲ ਹੋਣ ਦਾ ਦੋਸ਼ ਲਗਾਉਂਦਿਆਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਸੀ। ਇਸ ਮਾਮਲੇ ਵਿੱਚ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਆਈਪੀਐਸ ਅਧਿਕਾਰੀ ਜੋਤੀ ਯਾਦਵ ਵਲੋਂ ਪਹਿਲਾਂ ਹੀ ਇੱਕ ਬਿਆਨ ਜਾਰੀ ਕਰਕੇ ਦੋਸ਼ਾਂ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਜਾ ਚੁੱਕਿਆ ਹੈ ਕਿ ਉਹ ਆਪਣੇ ਅਕਸ ਨੂੰ ਖਰਾਬ ਕਰਨ ਲਈ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨਗੇ।