ਐਸ.ਏ.ਐਸ. ਨਗਰ : ਨਗਰ ਨਿਗਮ ਅਧੀਨ ਆਉਂਦੇ ਪਬਲਿਕ ਪਖਾਨਿਆਂ ਤੇ ਕੰਮ ਕਰਦੇ ਸਫਾਈ ਸੇਵਕਾਂ ਵੱਲੋਂ ਕਲ੍ਹ ਮੁਜ਼ਾਹਰਾ ਕਰਦੇ ਹੋਏ ਲਾਏ ਗਏ ਦੋਸ਼ਾਂ ਦਾ ਨਗਰ ਨਿਗਮ ਐਸ.ਏ.ਐਸ. ਨਗਰ, ਮੋਹਾਲੀ ਦੇ ਅਧਿਕਾਰੀਆਂ ਨੇ ਸਖ਼ਤ ਸ਼ਬਦਾਂ ਚ ਖੰਡਨ ਕੀਤਾ ਹੈ। ਕਮਿਸ਼ਨਰ ਨਵਜੋਤ ਕੌਰ ਅਨੁਸਾਰ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਪੈਂਦੇ ਪਬਲਿਕ ਟਾਇਲਟਸ ਦੀ “ਓਪਰੇਸ਼ਨ ਅਤੇ ਮੇਂਟੀਨੈਂਸ” ਦਾ ਕੰਮ ਅਪ੍ਰੈਲ, 2024 ਤੋਂ ਸੁਲਭ ਇੰਟਰਨੈਸ਼ਲ (ਐਨ.ਜੀ.ਓ) ਨੂੰ ਦਿੱਤਾ ਹੋਇਆ ਹੈ। ਸੁਲਭ ਇੰਟਰਨੈਸ਼ਨਲ ਵੱਲੋਂ ਦਿੱਤੀ ਗਈ ਪ੍ਰਪੋਜ਼ਲ ਅਨੁਸਾਰ ਉਨ੍ਹਾਂ ਵੱਲੋਂ ਇਹ ਕੰਮ ਪ੍ਰਤੀ ਟਾਇਲਟ ‘ਤੇ ਦੋ ਵਲੰਟੀਅਰਜ਼ ਤੋਂ ਕਰਵਾਇਆ ਜਾ ਰਿਹਾ ਹੈ। ਕੰਪਨੀ ਵੱਲੋਂ ਕੀਤੀ ਗਈ ਰਿਪੋਰਟ ਅਨੁਸਾਰ ਟਾਇਲਟਸ ‘ਤੇ ਜੋ ਵਲੰਟੀਅਰ ਕੰਮ ਕਰ ਰਹੇ ਹਨ, ਉਨ੍ਹਾਂ ਵਿੱਚੋਂ ਸਾਰਿਆਂ ਨੂੰ ਬਣਦਾ ਮਾਣ-ਭੱਤਾ ਦਿੱਤਾ ਜਾ ਚੁੱਕਾ ਹੈ।
ਇਸ ਤੋਂ ਇਲਾਵਾ ਜੋ ਦੁਬਾਰਾ ਕੰਮ ‘ਤੇ ਰੱਖਣ ਲਈ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਹਨ, ਉਸ ਸਬੰਧੀ ਦੱਸਿਆ ਜਾਂਦਾ ਹੈ ਕਿ ਸੁਲਭ ਇੰਟਰਨੈਸ਼ਲ (ਐਨ.ਜੀ.ਓ) ਵੱਲੋਂ ਆਪਣੇ ਪੱਧਰ ‘ਤੇ ਟਾਇਲਟਸ ‘ਤੇ ਵਲੰਟੀਅਰ ਕੰਮ ਲਈ ਰੱਖੇ ਜਾਂਦੇ ਹਨ, ਇਸ ਨਾਲ ਨਗਰ ਨਿਗਮ ਦਾ ਕੋਈ ਵੀ ਸਬੰਧ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਨੋਟਿਸ ਦੇ ਨੌਕਰੀ ਤੋਂ ਫਾਰਗ ਕਰਨ ਅਤੇ ਪਿਛਲੇ ਪੰਜ ਮਹੀਨਿਆਂ ਦੀ ਤਨਖਾਹ ਨਾ ਦੇਣ ਅਤੇ ਦੁਬਾਰਾ ਕੰਮ ‘ਤੇ ਰੱਖਣ ਲਈ ਰਿਸ਼ਵਤ ਮੰਗਣ ਦੇ ਲਗਾਏ ਦੋਸ਼ਾਂ ਚ ਕੋਈ ਸਚਾਈ ਨਹੀਂ।