ਐਸ ਏ ਐਸ ਨਗਰ : ਖੰਨਾ ਦੀ ਵਸਨੀਕ ਇਕ ਲੜਕੀ (ਜੋ ਫਾਜ਼ਿਲਕਾ ਨਿਵਾਸੀ ਇਕ ਲੜਕੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਸੀ) ਨੇ ਇਲਜਾਮ ਲਗਾਇਆ ਹੈ ਕਿ ਉਸਦੇ ਨਾਲ ਰਹਿਣਾ ਵਾਲਾ ਨੌਜਵਾਨ ਉਸ ਨਾਲ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸ਼ੋਸ਼ਣ ਕਰਦਾ ਰਿਹਾ ਅਤੇ ਹੁਣ ਵਿਆਹ ਕਰਨ ਤੋਂ ਇਨਕਾਰ ਕਰਕੇ ਫਰਾਰ ਹੋ ਗਿਆ। ਪੀੜਤਾ ਨੇ ਇਸ ਸੰਬੰਧੀ ਮੁਹਾਲੀ ਪੁਲੀਸ ਕੋਲ ਸ਼ਿਕਾਇਤ ਕਰਵਾਈ ਹੈ ਅਤੇ ਉਸ ਦੀ ਸ਼ਿਕਾਇਤ ਮਹਿਲਾ ਸੈੱਲ ਨੂੰ ਭੇਜੀ ਗਈ ਹੈ।
ਪੀੜਿਤ ਲੜਕੀ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਪਿੰਡ ਬਲੌਂਗੀ ਵਿੱਚ ਪੀ.ਜੀ. ਤੌਰ ਤੇ ਰਹਿੰਦੀ ਹੈ ਅਤੇ ਉਹ ਪੇਸੈਂਟ ਕੇਅਰ (ਮਰੀਜ਼ਾਂ ਦੀ ਦੇਖਭਾਲ) ਦਾ ਕੰਮ ਕਰਦੀ ਹੈ। ਉਸਨੇ ਦੱਸਿਆ ਕਿ ਕੰਮ ਦੌਰਾਨ ਦੋ ਸਾਲ ਪਹਿਲਾਂ ਉਸਦੀ ਮੁਲਾਕਾਤ ਫਾਜ਼ਿਲਕਾ ਦੇ ਰਹਿਣ ਵਾਲੇ ਜੀਵਨ ਮਸੀਹ ਨਾਲ ਹੋਈ ਸੀ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਦਾ ਪਿਆਰ ਵਧ ਗਿਆ ਅਤੇ ਉਹ ਇਕ ਦੂਜੇ ਦੇ ਨੇੜੇ ਆ ਗਏ। ਜੀਵਨ ਨੇ ਉਸ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਜਿਸਤੇ ਉਸਨੇ ਜੀਵਨ ਨੂੰ ਦੱਸਿਆ ਕਿ ਉਹ ਪਹਿਲਾਂ ਹੀ ਵਿਆਹੀ ਹੋਈ ਹੈ। ਜੀਵਨ ਵਲੋਂ ਉਸ ਨੂੰੰ ਖੁਸ਼ਹਾਲੀ ਅਤੇ ਚੰਗੇਰੇ ਭਵਿੱਖ ਦੇ ਸੁਫਨੇ ਵਿਖਾਉਂਦਿਆਂ ਆਪਣੇ ਪਤੀ ਨੂੰ ਤਲਾਕ ਦੇਣ ਲਈ ਕਿਹਾ ਅਤੇ ਉਸ ਦੇ ਕਹਿਣ ਤੇ ਉਸ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਅਤੇ ਜੀਵਨ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਲੱਗ ਗਈ।
ਪੀੜਿਤ ਅਨੁਸਾਰ ਇਕੱਠੇ ਰਹਿੰਦਿਆਂ ਦੋਵਾਂ ਵਿਚਾਲੇ ਸਰੀਰਕ ਸਬੰਧ ਵੀ ਬਣ ਗਏ। ਇਸ ਦੌਰਾਨ ਉਹ ਜੀਵਨ ਨੂੰ ਵਿਆਹ ਵਾਸਤੇ ਕਹਿੰਦੀ ਪਰ ਉਹ ਉਸ ਨੂੰ ਟਾਲ ਦਾ ਰਹਿੰਦਾ। ਜੀਵਨ ਨੇ ਉਸ ਤੋਂ 2 ਆਈਫੋਨ 14 ਵੀ ਮੰਗੇ ਜੋ ਉਸਨੇ ਕਿਸ਼ਤਾਂ ਤੇ ਲੈ ਕੇ ਦੇ ਦਿੱਤੇ। ਉਸ ਨੇ ਜੀਵਨ ਵਲੋਂ ਕੰਮ ਵਧਾਉਣ ਲਈ ਪੈਸੇ ਮੰਗਣ ਤੇ ਉਸਨੇ ਆਪਣੇ ਗਹਿਣੇ ਗਿਰਵੀ ਰੱਖ ਕੇ ਉਸ ਨੂੂੰੰ ਲਗਭਗ 5 ਲੱਖ ਰੁਪਏ ਦੇ ਦਿੱਤੇ। ਉਸਨੇ ਦੱਸਿਆ ਕਿ ਉਸ ਦੇ ਅਤੇ ਜੀਵਨ ਦੇ ਲਿਵ ਇਨ ਰਿਲੇਸ਼ਨਸ਼ਿਪ ਦੌਰਾਨ ਉਹ ਦੋ ਵਾਰ ਗਰਭਵਤੀ ਹੋ ਗਈ ਸੀ ਅਤੇ ਦੋਵੇਂ ਵਾਰ ਜੀਵਨ ਨੇ ਉਸ ਨੂੰ ਦਵਾਈਆਂ ਦੇ ਕੇ ਗਰਭਪਾਤ ਕਰਵਾਉਣ ਲਈ ਮਜਬੂਰ ਕੀਤਾ।
ਪੀੜਿਤਾ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਉਹ ਕਿਸੇ ਜ਼ਰੂਰੀ ਕੰਮ ਕਹਿ ਕੇ ਵਾਪਸ ਨਹੀਂ ਪਰਤਿਆ। ਉਸ ਨੇ ਉਸ ਨੂੰ ਕਈ ਫੋਨ ਕੀਤੇ ਅਤੇ ਜਵਾਬ ਨਾ ਮਿਲਣ ਤੇ ਉਹ ਫਾਜ਼ਿਲਕਾ ਉਸਦੀ ਰਿਹਾਇਸ਼ ਤੇ ਗਈ ਅਤੇ ਉਸ ਦੇ ਪਰਿਵਾਰ ਨਾਲ ਗੱਲ ਕਰਕੇ ਉਨ੍ਹਾਂ ਨੂੰ ਆਪਣੇ ਰਿਸ਼ਤੇ ਬਾਰੇ ਦੱਸਿਆ। ਉਸਨੇ ਕਿਹਾ ਕਿ ਜੀਵਨ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਸ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ। ਪੀੜਤਾਂ ਦਾ ਇਲਜਾਮ ਹੈ ਕਿ ਵੁਮੈਨ ਸੈੱਲ ਦੀ ਅਧਿਕਾਰੀ ਦਾ ਵਿਵਹਾਰ ਉਸ ਨਾਲ ਚੰਗਾ ਨਹੀਂ ਸੀ।
ਪੀੜਿਤ ਨੇ ਦੱਸਿਆ ਕਿ ਪੁਲੀਸ ਵਿੱਚ ਸ਼ਿਕਾਇਤ ਦਾ ਪਤਾ ਲੱਗਣ ਤੇ ਜੀਵਨ ਆਪਣੇ ਦੋ ਦੋਸਤਾਂ ਨਾਲ ਉਸ ਨੂੰ ਮਿਲਣ ਆਇਆ ਅਤੇ ਉਸ ਨੂੰ ਦੁਬਾਰਾ ਵਿਆਹ ਦਾ ਝਾਂਸਾ ਦਿਖਾ ਕੇ ਉਸ ਨੂੰ ਇਹ ਕਹਿ ਕੇ ਕਿਸੇ ਹੋਟਲ ਵਿੱਚ ਜਾਣ ਲਈ ਕਿਹਾ ਕਿ ਉਹ ਉੱਥੇ ਆਰਾਮ ਨਾਲ ਬੈਠ ਕੇ ਗੱਲਾਂ ਕਰਨਗੇ। ਉਹ ਉਸ ਨੂੰ ਮਨਾ ਕੇ ਹੋਟਲ ਲੈ ਗਿਆ ਅਤੇ ਉਸ ਨੂੰੰ ਕੋਈ ਨਸ਼ੀਲੀ ਚੀਜ਼ ਪਿਲਾ ਕੇ ਉਸ ਨਾਲ ਦੁਬਾਰਾ ਸਰੀਰਕ ਸਬੰਧ ਬਣਾਏ। ਪੀੜਤਾ ਨੇ ਮੰਗ ਕੀਤੀ ਕਿ ਉਸਨੂੰ ਇਨਸਾਫ ਦਿਵਾਇਆ ਜਾਵੇ।
ਸੰਪਰਕ ਕਰਨ ਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਜਾਂਚ ਅਧਿਕਾਰੀ ਅਮਨ ਕੌਰ ਨੇ ਕਿਹਾ ਕਿ ਉਹਨਾਂ ਵਲੋਂ ਸ਼ਿਕਾਇਤਕਰਤਾ ਨੂੰ ਵਾਰ ਵਾਰ ਪੁਲੀਸ ਸਟੇਸ਼ਨ ਤੇ ਬੁਲਾਉਣ ਦੇ ਬਾਵਜੂਦ ਇਹ ਥਾਣੇ ਨਹੀਂ ਪਹੁੰਚਦੀ ਅਤੇ ਇਹ ਕਹਿ ਦਿੰਦੀ ਸੀ ਸਾਡਾ ਆਪਸ ਦੇ ਵਿੱਚ ਸਭ ਠੀਕ ਹੋ ਗਿਆ ਹੈ ਇਸ ਲਈ ਪੁਲੀਸ ਵਲੋਂ ਉਸਦੀ ਦਰਖਾਸਤ ਦਫਤਰ ਦਾਖਲ ਕਰ ਦਿੱਤੀ ਗਈ ਹੈ।