ਸਾਰਾ ਪੰਜਾਬ ਕਰ ਰਿਹਾ ਤਰਾਹੀ ਤਰਾਹੀ, ਮੁੱਖ ਮੰਤਰੀ ਸੁਣਾ ਰਹੇ ਹਰਿਆਣਾ ਵਿੱਚ ਚੁਟਕਲੇ : ਕੁਲਜੀਤ ਸਿੰਘ ਬੇਦੀ
ਮੋਹਾਲੀ : ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਵਿੱਚ ਬਿਜਲੀ ਕਰਮਚਾਰੀਆਂ ਅਤੇ ਡਾਕਟਰਾਂ ਦੀ ਚੱਲ ਰਹੀ ਹੜਤਾਲ ਕਾਰਨ ਲੋਕਾਂ ਨੂੰ ਆ ਰਹੀਆਂ ਭਾਰੀ ਪਰੇਸ਼ਾਨੀਆਂ ਸਬੰਧੀ ਟਿੱਪਣੀ ਕਰਦਿਆਂ ਕਿਹਾ ਹੈ ਕਿ ਇੱਕ ਪਾਸੇ ਪੂਰਾ ਪੰਜਾਬ ਤਰਾਹੀ ਤਰਾਹੀ ਕਰ ਰਿਹਾ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹਰਿਆਣਾ ਦੀਆਂ ਚੋਣਾਂ ਵਿੱਚ ਪ੍ਰਚਾਰ ਕਰ ਰਹੇ ਹਨ ਅਤੇ ਚੁਟਕੁਲੇ ਸੁਣਾ ਰਹੇ ਹਨ। ਉਹਨਾਂ ਕਿਹਾ ਕਿ ਢਾਈ ਸਾਲ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਦੇ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਹਰ ਵਰਗ ਭਾਵੇਂ ਬਿਜਲੀ ਕਰਮਚਾਰੀ, ਸਿੱਖਿਆ ਕਰਮਚਾਰੀ, ਪੈਨਸ਼ਨਰ, ਡਾਕਟਰ ਅਤੇ ਆਮ ਲੋਕ ਸਭ ਆਪਣੀ ਹੀ ਬਹੁਮਤ ਨਾਲ ਚੁਣੀ ਇਸ ਸਰਕਾਰ ਦੇ ਖਿਲਾਫ ਸੰਘਰਸ਼ ਵਿੱਢਣ ਲਈ ਮਜਬੂਰ ਹੋ ਗਏ ਹਨ ਅਤੇ ਇਸ ਸਰਕਾਰ ਨੂੰ ਚੱਲਦਾ ਕਰਨ ਲਈ ਸਮੇਂ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਹੜਤਾਲ ਕਾਰਨ ਲੋਕਾਂ ਦਾ ਜੀਣਾਹਰਾਮ ਹੋਇਆ ਪਿਆ ਅਤੇ ਹੁਣ ਤਾਂ ਹੜਤਾਲ ਨੂੰ 17 ਸਤੰਬਰ ਤੱਕ ਵਧਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਬਿਜਲੀ ਸਪਲਾਈ ਵਿੱਚ ਫਾਲਟ ਆਉਣ ਦੀ ਸੂਰਤ ਵਿੱਚ ਕੋਈ ਕਰਮਚਾਰੀ ਇਸ ਫਾਲਟ ਨੂੰ ਠੀਕ ਨਹੀਂ ਕਰਦਾ ਜਿਸ ਕਾਰਨ ਕਈ ਕਈ ਘੰਟੇ ਬਿਜਲੀ ਨਹੀਂ ਆਉਂਦੀ ਤੇ ਇਨਵਰਟਰ ਵੀ ਫੇਲ ਹੋ ਜਾਂਦੇ ਹਨ। ਇਸ ਕਾਰਨ ਪਾਣੀ ਦੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਹਨਾਂ ਕਿਹਾ ਕਿ ਬਿਜਲੀ ਅਤੇ ਪਾਣੀ ਲੋਕਾਂ ਦੀ ਲਾਈਫ ਲਾਈਨ ਬਣ ਚੁੱਕੇ ਹਨ ਪਰ ਸਰਕਾਰ ਇਹ ਸੁਵਿਧਾ ਲੋਕਾਂ ਨੂੰ ਦੇਣ ਵਿਚ ਫੇਲ ਸਾਬਿਤ ਹੋ ਰਹੀ ਹੈ। ਉਹਨਾਂ ਕਿਹਾ ਕਿ ਬਿਜਲੀ ਨਾ ਹੋਣ ਕਾਰਨ ਬੱਚਿਆਂ ਤੇ ਲੈਪਟਾਪ ਬੰਦ ਹੋ ਜਾਂਦੇ ਹਨ ਅਤੇ ਉਹਨਾਂ ਦੀ ਪੜ੍ਹਾਈ ਉੱਤੇ ਵੀ ਮਾੜਾ ਅਸਰ ਪੈ ਰਿਹਾ ਹੈ ਕਿਉਂਕਿ ਬਹੁਤ ਸਾਰੀਆਂ ਪੜ੍ਹਾਈਆਂ ਅੱਜ ਕੱਲ ਆਨਲਾਈਨ ਹੁੰਦੀਆਂ ਹਨ। ਆਪਣੇ ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਵੀ ਮਾਪੇ ਫਿਕਰਮੰਦ ਹਨ। ਉਹਨਾਂ ਕਿਹਾ ਕਿ ਹੜਤਾਲ ਤੇ ਗਏ ਕਰਮਚਾਰੀਆਂ ਦੀਆਂ ਮੰਗਾਂ ਫੌਰੀ ਤੌਰ ਤੇ ਮੰਨੀਆਂ ਜਾਣ ਅਤੇ ਇਸ ਹੜਤਾਲ ਨੂੰ ਖਤਮ ਕਰਵਾਇਆ ਜਾਵੇ।
ਉਹਨਾਂ ਕਿਹਾ ਕਿ ਇਸੇ ਤਰ੍ਹਾਂ ਸਰਕਾਰੀ ਡਾਕਟਰਾਂ ਦੇ ਹੜਤਾਲ ਤੇ ਜਾਣ ਕਾਰਨ ਆਮ ਗਰੀਬ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਸਿਰਫ ਐਮਰਜੈਂਸੀ ਹੀ ਚਾਲੂ ਹੈ ਅਤੇ ਓਪੀਡੀ ਬੰਦ ਪਈ ਹੈ ਜਿਸ ਕਾਰਨ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਅਤੇ ਇਸ ਲੁੱਟ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਡਾਕਟਰਾਂ ਦੀਆਂ ਜਾਇਜ਼ ਮੰਗਾਂ ਫੌਰੀ ਤੌਰ ਤੇ ਮੰਨ ਕੇ ਇਹਨਾਂ ਦੀ ਹੜਤਾਲ ਖਤਮ ਕਰਵਾਈ ਜਾਵੇ ਕਿਉਂਕਿ ਬਰਸਾਤ ਦੇ ਇਸ ਵਧੇ ਹੋਏ ਮੌਸਮ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਡੇਂਗੂ ਦੇ ਮਰੀਜ਼ ਭਰਤੀ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਵਾਇਰਲ ਬੁਖਾਰ ਦੇ ਸ਼ਿਕਾਰ ਹਨ ਜਿਨ੍ਹਾਂ ਵਿੱਚੋਂ ਗਰੀਬ ਲੋਕਾਂ ਨੂੰ ਖਾਸ ਤੌਰ ਤੇ ਇਲਾਜ ਲਈ ਧੱਕੇ ਖਾਣੇ ਪੈ ਰਹੇ ਹਨ।
ਉਹਨਾਂ ਕਿਹਾ ਕਿ ਸਰਕਾਰਾਂ ਲੋਕਾਂ ਦੀ ਵੈਲਫੇਅਰ ਵਾਸਤੇ ਹੁੰਦੀਆਂ ਹੈ ਅਤੇ ਇਸੇ ਤਰ੍ਹਾਂ ਆਪਣੇ ਕਰਮਚਾਰੀਆਂ ਦੀ ਬੇਹਤਰੀ ਅਤੇ ਭਲਾਈ ਵਾਸਤੇ ਵੀ ਪੂਰੀ ਤਰ੍ਹਾਂ ਗੰਭੀਰ ਅਤੇ ਜ਼ਿੰਮੇਵਾਰ ਹੁੰਦੀਆਂ ਹਨ ਪਰ ਪੰਜਾਬ ਦੀ ਮੌਜੂਦਾ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋ ਰਹੀ ਹੈ ਕਿਉਂਕਿ ਹਰ ਵਰਗ ਹੀ ਇਸ ਸਮੇਂ ਸੜਕਾਂ ਉੱਤੇ ਦਿਖਾਈ ਦੇ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਇਹ ਹੜਤਾਲਾਂ ਖਤਮ ਨਹੀਂ ਹੁੰਦੀਆਂ ਤਾਂ ਆਮ ਲੋਕ ਵੀ ਸਰਕਾਰ ਦੇ ਖਿਲਾਫ ਸੜਕਾਂ ਉੱਤੇ ਆਉਣ ਲਈ ਮਜਬੂਰ ਹੋਣਗੇ। ਉਹਨਾਂ ਕਿਹਾ ਕਿ ਬਿਜਲੀ ਦੇ ਲੰਮੇ ਕੱਟਾਂ ਕਾਰਨ ਲੋਕਾਂ ਨੇ ਸੜਕਾਂ ਉੱਤੇ ਆ ਕੇ ਸੰਘਰਸ਼ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਸਰਕਾਰ ਇਹਨਾਂ ਮਾਮਲਿਆਂ ਦੀ ਗੰਭੀਰਤਾ ਨੂੰ ਪਛਾਣੇ ਅਤੇ ਫੌਰੀ ਤੌਰ ਤੇ ਸੁਹਿਰਦ ਕਾਰਵਾਈ ਕਰੇ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।