ਮੋਹਾਲੀ : ਥਾਣਾ ਆਈ.ਟੀ. ਸਿਟੀ ਮੋਹਾਲੀ ਦੀ ਪੁਲਿਸ ਨੇ ਪਟਿਆਲਾ ਤੋਂ ਗ੍ਰਿਫ਼ਤਾਰ ਕੀਤੇ ਨਵਜੋਤ ਸਿੰਘ ਸਿੱਧੂ ਦੇ ਸਾਬਕਾ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਅੱਜ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਿਥੇ ਮਾਨਯੋਗ ਅਦਾਲਤ ਵੱਲੋਂ ਉਸ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਅਦਾਲਤ ਤੋਂ ਬਾਹਰ ਆਉਂਦਿਆਂ ਮਾਲਵਿੰਦਰ ਮਾਲੀ ਨੇ ਮੀਡੀਆ ਨੂੰ ਕਿਹਾ ਕਿ ਉਸ ਨੇ ਕੋਈ ਵੀ ਧਾਰਮਿਕ ਟਿੱਪਣੀ ਨਹੀਂ ਕੀਤੀ। ਇਸ ਸਬੰਧੀ ਕੋਈ ਵੀਡੀਓ ਵੀ ਸਾਹਮਣੇ ਨਹੀਂ ਆਈ। ਉਸਨੇ ਕਿਹਾ ਕਿ ਮੈਂ ਤਾਂ ਸਗੋਂ ਇਹ ਕਿਹਾ ਸੀ ਕਿ ਕੋਈ ਬੰਦਾ ਕਿਵੇਂ ਭਲਾ ਦੇਵਤਾ ਬਣ ਸਕਦਾ ਹੈ। ਉਸ ਨੇ ਇਸ ਮੌਕੇ ਕਿਹਾ ਕਿ ਪੁਲਿਸ ਨੇ ਉਸ ਨਾਲ ਵਧੀਆ ਵਿਵਹਾਰ ਕੀਤਾ ਹੈ। ਮੋਹਾਲੀ ਪੁਲਿਸ ਨੂੰ ਅਮਿਤ ਜੈਨ ਨਾਂ ਦੇ ਵਿਅਕਤੀ ਨੇ ਅਰਜ਼ੀ ਦਿੱਤੀ ਸੀ ਕਿ ਉਹ ਟੀ.ਵੀ. ਦੇਖ ਰਿਹਾ ਸੀ ਜਿਸ ਵਿੱਚ ਮਾਲਵਿੰਦਰ ਸਿੰਘ ਮਾਲੀ ਹਿੰਦੂ ਦੇਵੀ ਦੇਵਤਿਆਂ ਵਿਰੁੱਧ ਟਿੱਪਣੀ ਕਰ ਰਿਹਾ ਸੀ ਜਿਸ ਨਾਲ ਉਸਨੂੰ ਬਹੁਤ ਦੁੱਖ ਪਹੁੰਚਿਆ ਹੈ। ਪੁਲਿਸ ਨੇ ਐਫ਼.ਆਈ.ਆਰ. ਨੰਬਰ 107 ਆਈ.ਟੀ. ਸਿਟੀ ਥਾਣਾ ਮੋਹਾਲੀ ਵਿੱਚ ਮਾਲੀ ਵਿਰੁੱਧ ਭਾਰਤੀ ਨਿਆਏ ਸੰਹਿਤ 2023 ਦੀ ਧਾਰਾ 200 ਅਧੀਨ ਪਰਚਾ ਦਰਜ ਕੀਤਾ ਹੈ।
ਜ਼ਿਕਰਯੋਗ ਹੈ ਕਿ ਮਾਲਵਿੰਦਰ ਸਿੰਘ ਮਾਲੀ ਨਵਜੋਤ ਸਿੰਘ ਸਿੱਧੂ ਦੇ ਸਾਬਕਾ ਰਾਜਨੀਤਿਕ ਸਲਾਹਕਾਰ ਰਹੇ ਹਨ। ਬੀਤੇ ਦਿਨ ਜਦੋਂ ਪੁਲਿਸ ਨੇ ਮਾਲਵਿੰਦਰ ਸਿੰਘ ਮਾਲੀ ਨੂੰ ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਸੀ ਤਾਂ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਕਾਂਗਰਸ ਦੇ ਨੇਤਾ ਪ੍ਰਗਟ ਸਿੰਘ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਕੇ ਇਸ ਗ੍ਰਿਫ਼ਤਾਰੀ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੀ ਘੋਰ ਉਲੰਘਣਾ ਦਸਿਆ ਅਤੇ ਮਾਲੀ ਨੂੰ ਤੁਰਤ ਰਿਹਾਅ ਕਰਨ ਦੀ ਮੰਗ ਕੀਤੀ ਸੀ।