ਐਸ.ਏ.ਐਸ.ਨਗਰ : ਝੋਨੇ ਦੇ ਕਟਾਈ ਸੀਜ਼ਨ 2024 ਦੌਰਾਨ ਫ਼ਸਲ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸਬ ਡਵੀਜ਼ਨ ਵਾਰ ਐਸ.ਡੀ.ਐਮਜ਼ ਵੱਲੋਂ ਬਤੌਰ ਕਲਸਟਰ ਅਫ਼ਸਰ ਅਤੇ ਨੋਡਲ ਅਫ਼ਸਰ ਵਜੋਂ ਲਾਏ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਨੋਡਲ ਅਫ਼ਸਰ ਹਰੇਕ ਪਿੰਡ ਅਤੇ ਕਲੱਸਟਰ ਅਫ਼ਸਰ ਹਰੇਕ 10 ਪਿੰਡਾਂ ਪਿੱਛੇ ਲਗਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਂਦਾ ਹੈ ਤਾਂ ਸਬੰਧਤ ਸਬ ਡਵੀਜ਼ਨ ਦਾ ਨੋਡਲ ਅਫ਼ਸਰ, ਕਲਸਟਰ ਅਫ਼ਸਰ, ਐਸ.ਐਚ.ਓ ਅਤੇ ਐਸ.ਡੀ.ਐਮਜ਼ ਇਸ ‘ਤੇ ਤੁਰੰਤ ਕਾਬੂ ਪਾਉਣ ਲਈ ਜ਼ਿੰਮੇਵਾਰ ਹੋਣਗੇ।
ਉਨ੍ਹਾਂ ਕਿਹਾ ਕਿ ਕਲਸਟਰ ਅਫ਼ਸਰ ਅਤੇ ਨੋਡਲ ਅਫ਼ਸਰ ਆਪਣੇ-ਆਪਣੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕਰਨਗੇ ਅਤੇ ਇਹ ਵੀ ਜਾਣਕਾਰੀ ਦੇਣਗੇ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ‘ਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਸੁਪਰੀਮ ਕੋਰਟ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਦੌਰਾਨ ਜੇਕਰ ਕਿਸੇ ਅਧਿਕਾਰੀ/ਕਰਮਚਾਰੀ ਦੀ ਬਦਲੀ ਹੋ ਜਾਂਦੀ ਹੈ ਤਾਂ ਬਦਲੀ ਉਪਰੰਤ ਉਸ ਸਥਾਨ ‘ਤੇ ਤੈਨਾਤ ਹੋਣ ਵਾਲਾ ਅਗਲਾ ਅਧਿਕਾਰੀ/ਕਰਮਚਾਰੀ ਆਪਣੀ ਇਸ ਡਿਊਟੀ ਪ੍ਰਤੀ ਪਾਬੰਦ ਹੋਵੇਗਾ।
ਉਨ੍ਹਾਂ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ/ਫ਼ਸਲੀ ਰਹਿੰਦ-ਖੂਹੰਦ ਨੂੰ ਅੱਗ ਨਾ ਲਾਉਣ ਸਗੋਂ ਉਪਲਬਧ ਪਰਾਲੀ ਪ੍ਰਬੰਧਨ ਖੇਤੀ ਮਸ਼ੀਨਰੀ ਰਾਹੀਂ ਉਸ ਦਾ ਨਿਪਟਾਰਾ ਕਰਨ।