ਐਸ ਏ ਐਸ ਨਗਰ : ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹੋਣ ਸੰਬੰਧੀ ਸਵਾਲ ਕੀਤਾ ਹੈ ਕਿ ਮੁੱਖ ਮੰਤਰੀ ਵਲੋਂ ਪ੍ਰਾਈਵੇਟ ਹਸਪਤਾਲ ਵਿੱਚ ਦਾਖਿਲ ਹੋ ਕੇ ਜਾਂਚ ਕਰਵਾਉਣ ਦਾ ਫੈਸਲਾ ਕਿਉਂ ਲਿਆ ਗਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਿਲ ਹੋਣ ਦਾ ਮਤਲਬ ਇਹੀ ਨਿਕਲਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਸਰਕਾਰੀ ਹਸਪਤਾਲਾਂ ਵਿੱਚ ਕੀਤੇ ਜਾਂਦੇ ਚੈਕਅੱਪ ਉੱਪਰ ਕੋਈ ਭਰੋਸਾ ਨਹੀਂ ਹੈ।
ਉਹਨਾਂ ਕਿਹਾ ਕਿ ਇਸ ਨਾਲ ਪੰਜਾਬ ਦੀ ਸਿਹਤ ਵਿਵਸਥਾ ਦੀ ਮਾੜੀ ਹਾਲਤ ਦੀ ਪੋਲ ਖੁੱਲ ਗਈ ਹੈ। ਉਹਨਾਂ ਸਵਾਲ ਕੀਤਾ ਕਿ ਇਹਨਾਂ ਹਾਲਾਤਾਂ ਵਿੱਚ ਆਮ ਆਦਮੀ ਦੀ ਸਰਕਾਰ ਕਹਾਉਣ ਵਾਲੀ ਪਾਰਟੀ ਅਤੇ ਇਸ ਦੇ ਆਗੂ ਕਿੱਥੇ ਖੜੇ ਹਨ ਜੋ ਕਿ ਆਮ ਲੋਕਾਂ ਨੂੰ ਉੱਚ ਸਿਹਤ ਸੇਵਾਵਾਂ ਅਤੇ ਉੱਚ ਸਿੱਖਿਆ ਦਿਵਾਉਣ ਦੇ ਦਾਅਵੇ ਕਰਦੇ ਸਨ।
ਸ੍ਰ਼ ਸੋਹਾਣਾ ਨੇ ਕਿਹਾ ਕਿ ਮੁੱਖ ਮੰਤਰੀ ਉਸ ਨਿੱਜੀ ਹਸਪਤਾਲ ਤੋਂ ਜਾਂਚ ਕਰਵਾ ਰਹੇ ਹਨ ਜਿੱਥੇ ਗੇਟ ਦੇ ਅੰਦਰ ਦਾਖਲ ਹੋਣਾ ਵੀ ਆਮ ਆਦਮੀ ਦੇ ਬੂਤੇ ਦੀ ਗੱਲ ਨਹੀਂ ਹੈ ਕਿਉਂਕਿ ਇਹਨਾਂ ਦੀਆਂ ਫੀਸਾਂ ਬਹੁਤ ਜਿਆਦਾ ਹਨ ਅਤੇ ਇਹਨਾਂ ਨੇ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਛਿੱਕੇ ਟੰਗਿਆ ਹੋਇਆ ਹੈ। ਉਹਨਾਂ ਕਿਹਾ ਕਿ ਇਸ ਨਿੱਜੀ ਹਸਪਤਾਲ ਵੱਲੋਂ ਪਾਰਕਿੰਗ ਨੂੰ ਪੂਰਨ ਕੰਮਾਂ ਲਈ ਵਰਤਣ ਤੋਂ ਰੋਕਣ ਲਈ ਖੁਦ ਇਹਨਾਂ ਦੇ ਆਪਣੇ ਵਿਧਾਇਕ ਨੇ ਹਸਪਤਾਲ ਦੇ ਖਿਲਾਫ ਕਾਰਵਾਈ ਲਈ ਵਿਧਾਨ ਸਭਾ ਵਿੱਚ ਮੁੱਦਾ ਚੁੱਕਿਆ ਸੀ। ਉਹਨਾਂ ਸਵਾਲ ਕੀਤਾ ਕਿ ਜਿਸ ਹਸਪਤਾਲ ਵਿੱਚ ਖੁਦ ਮੁੱਖ ਮੰਤਰੀ ਇਲਾਜ ਕਰਵਾਉਂਦੇ ਹਨ ਉਸਦੇ ਖਿਲਾਫ ਕਾਰਵਾਈ ਕਿਵੇ ਸੰਭਵ ਹੈ।
ਸ੍ਰ਼ ਸੋਹਾਣਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਸੀ ਕਿ ਆਪਣਾ ਰੂਟੀਨ ਚੈਕ ਅਪ ਸਰਕਾਰੀ ਹਸਪਤਾਲ ਵਿੱਚ ਦਾਖਿਲ ਹੋ ਕੇ ਕਰਵਾਉਂਦੇ ਤਾਂ ਆਮ ਲੋਕਾਂ ਵਿੱਚ ਵੀ ਸਰਕਾਰੀ ਹਸਪਤਾਲਾਂ ਉਪਰ ਵਿਸ਼ਵਾਸ ਪੈਦਾ ਹੁੰਦਾ। ਉਹਨਾਂ ਕਿਹਾ ਕਿ ਇਸ ਸਬੰਧੀ ਆਮ ਆਦਮੀ ਪਾਰਟੀ ਨੂੰ ਆਪਣਾ ਸਟੈਂਡ ਸਪਸ਼ੱਟ ਕਰਨਾ ਚਾਹੀਦਾ ਹੈ। ਇਸ ਮੌਕੇ ਉਹਨਾਂ ਦੇ ਨਾਲ ਸ੍ਰੋਮਣੀ ਅਕਾਲੀ ਦਲ ਦੇ ਜਰਨਲ ਕੌਂਸਲ ਮੈਂਬਰ ਤਰਸੇਮ ਸਿੰਘ ਗੰਧੋਂ ਵੀ ਹਾਜ਼ਰ ਸਨ।