ਐਸ.ਏ.ਐਸ.ਨਗਰ : ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਗੁਆਂਢੀ ਰਾਜਾਂ ਤੋਂ ਝੋਨੇ ਦੀ ਗੈਰ-ਕਾਨੂੰਨੀ ਆਮਦ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹਾ ਪੁਲਿਸ ਨੂੰ ਸਖ਼ਤ ਚੌਕਸੀ ਰੱਖਣ ਅਤੇ ਝਰਮੜੀ ਬੈਰੀਅਰ, ਬੱਸ ਸਟੈਂਡ ਹੰਡੇਸਰਾ, ਸਿਸਵਾਂ ਟੀ ਪੁਆਇੰਟ, ਸੇਖੋਂ ਬੈਂਕੁਇੰਟ ਢਕੋਲੀ, ਬੇਹੜਾ ਮੋੜ ਡੇਰਾਬੱਸੀ, ਰਾਮਗੜ੍ਹ-ਦਫ਼ਰਪੁਰ ਰੋਡ ਮੁਬਾਰਕਪੁਰ ਵਿਖੇ ਵਿਸ਼ੇਸ਼ ਅੰਤਰਰਾਜੀ ਸਰਹੱਦੀ ਨਾਕੇ ਲਗਾਉਣ ਲਈ ਆਖਿਆ ਹੈ। ਉਨ੍ਹਾਂ ਜ਼ਿਲ੍ਹਾ ਮੰਡੀ ਅਧਿਕਾਰੀਆਂ ਅਤੇ ਮਾਰਕੀਟ ਕਮੇਟੀ ਦੇ ਸਕੱਤਰਾਂ ਨੂੰ ਸਥਾਨਕ ਮੰਡੀਆਂ ਵਿੱਚ ਹੋਰ ਰਾਜਾਂ ਤੋਂ ਝੋਨੇ ਦੀ ਆਮਦ 'ਤੇ ਨਜ਼ਰ ਰੱਖਣ ਦੇ ਹੁਕਮ ਵੀ ਦਿੱਤੇ। ਡਿਪਟੀ ਕਮਿਸ਼ਨਰ ਅਨੁਸਾਰ ਹਰਿਆਣਾ ਦੀ ਸਰਹੱਦ ਨਾਲ ਲੱਗਦੀਆਂ ਮੰਡੀਆਂ ਵਿੱਚ ਬਾਹਰੋਂ ਵੱਡੀ ਮਾਤਰਾ ਚ ਫ਼ਸਲ ਆਉਣ ਦੇ ਖ਼ਦਸ਼ੇ ਕਾਰਨ ਥਾਂ ਦੀ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਸਥਾਨਕ ਕਮਿਸ਼ਨ ਏਜੰਟਾਂ ਜਾਂ ਹੋਰ ਪ੍ਰਬੰਧਾਂ ਰਾਹੀਂ ਦੂਜੇ ਰਾਜਾਂ ਤੋਂ ਫਸਲ ਦੀ ਆਮਦ ਕਾਰਨ ਖਰੀਦ ਪ੍ਰਕਿਰਿਆ ਵਿੱਚ ਰੁਕਾਵਟ ਬਣਦੀ ਹੈ। ਜਦ ਕਿ ਸਥਾਨਕ ਸਿਵਲ ਪ੍ਰਸ਼ਾਸਨ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡਾਂ ਤੋਂ ਜਿਣਸ ਦੀ ਅਨੁਮਾਨਤ ਆਮਦ ਲਈ ਪ੍ਰਬੰਧ ਕਰਦਾ ਹੈ ਪਰ ਇਨ੍ਹਾਂ ਮੰਡੀਆਂ ਵਿੱਚ ਗੁਆਂਢੀ ਰਾਜਾਂ ਤੋਂ ਫ਼ਸਲ ਦੀ ਗੈਰ-ਕਾਨੂੰਨੀ ਵਿਕਰੀ ਕਾਰਨ ਪ੍ਰਬੰਧਾਂ ਵਿੱਚ ਮੁਸ਼ਕਿਲ ਆਉਂਦੀ ਹੈ। ਡਿਪਟੀ ਕਮਿਸ਼ਨਰ ਨੇ ਪੁਲਿਸ ਅਧਿਕਾਰੀਆਂ ਨੂੰ ਵਿਸ਼ੇਸ਼ ਅੰਤਰਰਾਜੀ ਸਰਹੱਦੀ ਚੌਕੀਆਂ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ‘ਹੋਰ ਰਾਜ ਦੀ ਫ਼ਸਲ’ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਵਿੱਕਰੀ ਲਈ ਨਾ ਆ ਸਕੇ। ਇਸ ਤੋਂ ਇਲਾਵਾ ਉਨ੍ਹਾਂ ਜ਼ਿਲ੍ਹਾ ਪੁਲੀਸ ਨੂੰ ਸਾਉਣੀ ਦੇ ਮੰਡੀਕਰਨ ਸੀਜ਼ਨ ਦੇ ਮੱਦੇਨਜ਼ਰ ਮੰਡੀਆਂ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਕਰਨ ਦੀ ਵੀ ਅਪੀਲ ਕੀਤੀ ਤਾਂ ਜੋ ਜ਼ਿਲ੍ਹੇ ਵਿੱਚ ਖਰੀਦ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਝੋਨੇ ਦੀ ਖਰੀਦ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਖਰੜ, ਰੁੜਕੀ, ਦਾਊਂ ਮਾਜਰਾ, ਭਾਗੋ ਮਾਜਰਾ, ਸਨੇਟਾ, ਕੁਰਾਲੀ, ਖਿਜਰਾਬਾਦ, ਡੇਰਾਬੱਸੀ, ਅਮਲਾਲਾ, ਸਮਗੌਲੀ, ਲਾਲੜੂ, ਟਿਵਾਣਾ, ਤਸੰਬਲੀ, ਜਰੋਟ ਅਤੇ ਬਨੂੜ ਵਿਖੇ ਖਰੀਦ ਕੇਂਦਰ ਬਣਾਏ ਗਏ ਹਨ। ਪਿਛਲੇ ਸਾਲ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 215220 ਮੀਟਰਿਕ ਟਨ ਝੋਨੇ ਦੀ ਆਮਦ ਦਰਜ ਕੀਤੀ ਗਈ ਸੀ।