ਮੋਹਾਲੀ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਬੀ.ਡੀ.ਪੀ.ਓ ਦਫਤਰ ਦੇ ਅਧਿਕਾਰੀ ਕਾਂਗਰਸ ਪਾਰਟੀ ਦੇ ਸਮਰਥਕਾਂ ਨੂੰ ਪੰਚਾਇਤੀ ਚੋਣਾਂ ਅੰਦਰ ਤੰਗ ਪ੍ਰੇਸ਼ਾਨ ਕਰਨ ਤੋਂ ਬਾਜ਼ ਨਾ ਆਏ ਤਾਂ ਉਹ 3 ਅਕਤੂਬਰ ਨੂੰ ਬੀ.ਡੀ.ਪੀ.ਓ ਦਫਤਰ ਦਾ ਘਿਰਾਓ ਕਰਨ ਲਈ ਮਜ਼ਬੂਰ ਹੋਣਗੇ। ਅੱਜ ਇਥੇ ਜਾਰੀ ਪ੍ਰੈੱਸ ਬਿਆਨ ਰਾਹੀਂ ਸ. ਸਿੱਧੂ ਨੇ ਬੀ.ਡੀ.ਪੀ.ਓ ਮੁਹਾਲੀ ਦਫਤਰ ਦੇ ਅਧਿਕਾਰੀਆਂ 'ਤੇ ਪੰਚਾਇਤੀ ਚੋਣਾਂ ਅੰਦਰ ਸੱਤਾਧਾਰੀ ਧਿਰ ਦੇ ਸਮਰਥਕਾਂ ਦੀ ਪੁਸ਼ਤਪਨਾਹੀ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਬੀ.ਡੀ.ਪੀ.ਓ ਦਫਤਰ ਦੁਆਰਾ ਆਮ ਆਦਮੀ ਪਾਰਟੀ ਦੇ ਦਬਾਅ ਅਧੀਨ ਕੰਮ ਕੀਤਾ ਜਾ ਰਿਹਾ ਹੈ ਤੇ ਕਾਂਗਰਸੀ ਸਮਰਥਕਾਂ ਨੂੰ ਬਿਨਾਂ ਵਜ੍ਹਾ ਤੰਗ ਪੇਸ਼ਾਨ ਕੀਤਾ ਜਾ ਰਿਹਾ ਹੈ।
ਨਾ ਤਾਂ ਕਾਂਗਰਸ ਪਾਰਟੀ ਦੇ ਸਮਰਥਕਾਂ ਨੂੰ ਨੋ ਆਬਜੈਕਸ਼ਨ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ ਅਤੇ ਨਾ ਹੀ ਬੀ.ਡੀ.ਪੀ.ਓ ਸਮੇਂ ਸਿਰ ਲੋਕਾਂ ਨੂੰ ਲੋੜੀਂਦੇ ਫਾਰਮ ਅਤੇ ਹੋਰ ਸਰਟੀਫਿਕੇਟ ਮੁਹੱਈਆ ਕਰਵਾ ਰਹੇ ਹਨ ਜਿਸ ਦੇ ਸਿੱਟੇ ਵਜੋਂ ਪੰਚਾਇਤੀ ਚੋਣਾਂ ਲੜਨ ਦੇ ਚਾਹਵਾਨ ਲੋਕ ਖੱਜਲ-ਖੁਆਰ ਹੋ ਕੇ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਦੁਆਰਾ ਵੱਖ ਵੱਖ ਵਾਰਡਾਂ ਦੀਆਂ ਵੋਟਰ ਸੂਚੀਆਂ ਮੁਹੱਈਆ ਕਰਵਾਉਣ ਦੇ ਨਾਂਅ 'ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਪ੍ਰਤੀ ਵੋਟਰ ਸੂਚੀ 500 ਰੁਪਏ ਵਸੂਲੇ ਜਾ ਰਹੇ ਹਨ ਜੋ ਕਿ ਆਮ ਲੋਕਾਂ ਦੀ ਜੇਬ 'ਤੇ ਸ਼ਰੇਆਮ ਡਾਕਾ ਹੈ। ਉਨ੍ਹਾਂ ਉਦਾਹਰਣ ਦਿੰਦਿਆਂ ਦੱਸਿਆ ਕਿ ਬਲੌਂਗੀ ਪਿੰਡ ਦੇ 13 ਵਾਰਡਾਂ ਦੀ ਵੋਟਰ ਸੂਚੀ 6500 ਰੁਪਏ ਵਿਚ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਨਾਮਜ਼ਦਗੀਆਂ ਦਾਖਲ ਕਰਨ ਲਈ ਬਹੁਤ ਥੋੜਾ ਸਮਾਂ ਬਾਕੀ ਰਹਿ ਗਿਆ ਹੈ ਅਤੇ ਜੇਕਰ ਬੀ.ਡੀ.ਪੀ ਓ ਦਫਤਰ ਆਮ ਆਦਮੀ ਪਾਰਟੀ ਦੇ ਦਬਾਅ ਹੇਠ ਕੰਮ ਕਰਨੋਂ ਬਾਜ਼ ਨਾ ਆਇਆ ਤਾਂ ਉਨ੍ਹਾਂ ਨੂੰ ਧਰਨਾ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪਏਗਾ। ਉਨ੍ਹਾਂ ਇਸ ਮੌਕੇ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਵੀ ਉਨ੍ਹਾਂ ਨਾਲ ਮੌਜੂਦ ਸਨ।