ਐਸ.ਏ.ਐਸ. ਨਗਰ : ਮਨੁੱਖੀ ਅਧਿਕਾਰ ਸੰਗਠਨਾਂ, ਬੁੱਧੀਜੀਵੀਆਂ, ਵਕੀਲਾਂ ਅਤੇ ਇਨਸਾਫ ਤੇ ਜਮਹੂਰੀਅਤ ਪਸੰਦ ਜਥੇਬੰਦੀਆਂ ਨੇ ਮੋਹਾਲੀ ਪੁਲੀਸ ਵਲੋਂ ਅੱਜ ਉਘੇ ਰਾਜਸੀ ਚਿੰਤਕ ਤੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਿਨਾਂ ਹੀ ੳਹਨਾਂ ਦੇ ਅਦਾਲਤੀ ਰਿਮਾਂਡ ਵਿਚ 14 ਅਕਤੂਬਰ ਤੱਕ ਵਾਧਾ ਕਰਾਉਣ ਦੀ ਕਾਰਵਾਈ ਨੂੰ ਗੈਰ-ਕਾਨੂੰਨੀ ਗਰਦਾਨਦਿਆਂ ਇਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸ਼੍ਰੀ ਮਾਲੀ ਦੀ ਅਦਾਲਤੀ ਹਿਰਾਸਤ ਅੱਜ ਖਤਮ ਹੋ ਜਾਣ ਕਾਰਨ ਉਹਨਾਂ ਨੂੰ ਪਟਿਆਲਾ ਜੇਲ੍ਹ ਵਿਚੋਂ ਅੱਜ ਇਥੋਂ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਜਾਣਾ ਸੀ। ਮਾਲਵਿੰਦਰ ਮਾਲੀ ਦੇ ਸਾਥੀ ਤੇ ਸੀਨੀਅਰ ਪੱਤਰਕਾਰ ਗੁਰਦਰਸ਼ਨ ਸਿੰਘ ਬਾਹੀਆ ਨੇ ਦਸਿਆ ਕਿ ਅੱਜ ਸਵੇਰ ਤੋਂ ਹੀ ਵੱਖ ਵੱਖ ਜਥੇਬੰਦੀਆਂ ਦੇ ਆਗੂ, ਪੱਤਰਕਾਰ, ਬੁੱਧੀਜੀਵੀ, ਵਕੀਲ, ਮਨੁੱਖੀ ਅਧਿਕਾਰ ਸੰਗਠਨਾਂ ਦੇ ਕਾਰਕੁੰਨ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਅਦਾਲਤੀ ਕੰਪਲੈਕਸ ਵਿਚ ਹਾਜ਼ਰ ਸਨ, ਪਰ ਪੁਲੀਸ ਨੇ ਸ਼੍ਰੀ ਮਾਲੀ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਥਾਂ ਉਹਨਾਂ ਦੇ ਪੁਲੀਸ ਰਿਮਾਂਡ ਵਿਚ ਇਹ ਕਹਿ ਕੇ ਵਾਧਾ ਕਰਵਾ ਲਿਆ ਕਿ ਪਟਿਆਲਾ ਪੁਲੀਸ ਵਲੋਂ ਗਾਰਦ ਨਾ ਦਿਤੇ ਜਾਣ ਕਾਰਨ ਸ਼੍ਰੀ ਮਾਲੀ ਨੂੰ ਪੇਸ਼ੀ ਲਈ ਨਹੀਂ ਲਿਆਂਦਾ ਜਾ ਸਕਿਆ। ਉਹਨਾਂ ਦਸਿਆ ਕਿ ਜੇਲ੍ਹ ਅਧਿਕਾਰੀਆਂ ਦਾ ਕਹਿਣਾ ਸੀ ਕਿ ਮੋਹਾਲੀ ਪੁਲੀਸ ਵਲੋਂ ਭੇਜੀ ਜਾਣ ਵਾਲੀ ਬੱਸ ਨਾ ਆਉਣ ਕਾਰਨ ਪਟਿਆਲਾ ਜੇਲ੍ਹ ਵਿਚ ਕਿਸੇ ਮੁਲਜ਼ਮ ਨੂੰ ਵੀ ਪੇਸ਼ੀ ਲਈ ਨਹੀਂ ਭੇਜਿਆ ਜਾ ਸਕਿਆ।
ਸ਼੍ਰੀ ਬਾਹੀਆ ਨੇ ਕਿਹਾ ਕਿ ਪੁਲੀਸ ਦੇ ਇਸ ਗੈਰਜ਼ਿਮੇਂਵਾਰ ਰਵੱਈਏ ਕਾਰਨ ਸ਼੍ਰੀ ਮਾਲੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਉਹਨਾਂ ਦੇ ਵਕੀਲਾਂ, ਪੱਤਰਕਾਰਾਂ ਅਤੇ ਦਰਜਨਾਂ ਸਾਥੀਆਂ ਤੇ ਸ਼ੁਭਚਿੰਤਕਾਂ ਨੂੰ ਅੱਜ ਸਾਰਾ ਦਿਨ ਖ਼ਜਲ-ਖੁਆਰੀ ਸਹਿਣੀ ਪਈ ਹੈ।ਉਹਨਾਂ ਕਿਹਾ ਕਿ ਪੁਲੀਸ ਅਜਿਹੇ ਹੋਛੇ ਹਥਕੰਡੇ ਵਰਤ ਕੇ ਨਾ ਤਾਂ ਸ਼੍ਰੀ ਮਾਲੀ ਨੂੰ ਝੁਕਾ ਸਕਦੀ ਹੈ ਅਤੇ ਨਾ ਹੀ ਉਹਨਾਂ ਦੇ ਸਾਥੀਆਂ ਦੇ ਹੌਸਲੇ ਤੋੜ ਸਕਦੀ ਹੈ।ਉਹਨਾਂ ਹੋਰ ਕਿਹਾ ਕਿ ਅੱਜ ਹਾਜ਼ਰ ਸਮੂਹ ਜਥੇਬੰਦੀਆਂ ਦੇ ਆਗੂਆਂ ਨੇ ਇਕ ਵਾਰ ਫਿਰ ਇਹ ਦ੍ਰਿੜ ਕੀਤਾ ਹੈ ਕਿ ਸ਼੍ਰੀ ਮਾਲੀ ਵਿਰੁੱਧ ਦਰਜ ਝੂਠਾ ਪਰਚਾ ਰੱਦ ਹੋਣ ਤੱਕ ਉਹ ਚੈਣ ਨਾਲ ਨਹੀਂ ਬੈਠਣਗੇ। ਇਸ ਦੌਰਾਨ ਮਾਲਵਿੰਦਰ ਮਾਲੀ ਦੇ ਭਰਾ ਰਣਜੀਤ ਸਿੰਘ ਗਰੇਵਾਲ ਨੇ ਦਸਿਆ ਕਿ ਸ਼੍ਰੀ ਮਾਲੀ ਨੇ ਇਸ ਕੇਸ ਵਿਚ ਜ਼ਮਾਨਤ ਕਰਵਾਉਣ ਤੋਂ ਨਾਂਹ ਕਰ ਦਿਤੀ ਹੈ। ਉਹਨਾਂ ਕਿਹਾ ਕਿ ਇਸ ਲਈ ਇਸ ਝੂਠੇ ਪਰਚੇ ਨੂੰ ਰੱਦ ਕਰਾਉਣ ਦੀ ਕਾਨੂੰਨੀ ਚਾਰਾਜ਼ੋਰੀ ਕੀਤੀ ਜਾਵੇਗੀ।