ਚੰਡੀਗੜ੍ਹ : ਹਮੇਸ਼ਾ ਵਿਵਾਦਾਂ ਵਿੱਚ ਰਹਿਣ ਵਾਲੀ ਅਦਾਕਾਰਾ ਤੇ ਭਾਜਪਾ ਦੀ ਲੋਕ ਸਭਾ ਮੈਂਬਰ ਕੰਗਨਾ ਰਣੌਤ ਨੇ ਫਿਰ ਤੋਂ ਬਿਨਾਂ ਨਾਮ ਲਏ ਪੰਜਾਬ ਪ੍ਰਤੀ ਜ਼ਹਿਰ ਉਗਲਿਆ ਹੈ। ਕੰਗਨਾ ਰਣੌਤ ਨੇ ਸਟੇਜ ਤੋਂ ਬੋਲਦੇ ਹੋਏ ਪੰਜਾਬ ਦਾ ਨਾਮ ਨਾ ਲਏ ਬਿਨਾਂ ਪੰਜਾਬੀ ਨੂੰ ਨਸ਼ੇੜੀ ਦੱਸਿਆ ਹੈ। ਲੋਕ ਸਭਾ ਮੈਂਬਰ ਕੰਗਨਾ ਰਣੌਤ ਨੇ ਬਿਨਾਂ ਨਾਮ ਲਏ ਹਿਮਾਚਲ ਪ੍ਰਦੇਸ਼ ਵਿੱਚ ਫੈਲੇ ਨਸ਼ੇ ਲਈ ਪੰਜਾਬ ਨੂੰ ਜ਼ਿੰਮੇਵਾਰ ਦੱਸਿਆ ਹੈ। ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕੰਗਨਾ ਰਣੌਤ ਨੇ ਕਿਹਾ ਕਿ ਸਾਡੇ ਅੱਗੇ ਅਤੇ ਪਿੱਛੇ ਰਾਜਾਂ ਤੋਂ ਇੱਥੇ ਨਵੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ, ਚਾਹੇ ਉਹ ਚਿੱਟਾ, ਹਿੰਸਾ ਜਾਂ ਕੁਝ ਵੀ ਹੋਵੇ। ਤੁਸੀਂ ਜਾਣਦੇ ਹੋ ਕਿ ਮੈਂ ਕਿਸ ਰਾਜ ਦੀ ਗੱਲ ਕਰ ਰਹੀ ਹਾਂ। ਇਨ੍ਹਾਂ ਦਾ ਸੁਭਾਅ ਬਹੁਤ ਗਰਮ ਹੁੰਦਾ ਹੈ ਅਤੇ ਉਹ ਬਹੁਤ ਹੁਸ਼ਿਆਰ ਹੁੰਦੇ ਹਨ। ਉਹ ਨਸ਼ੇ ਕਰਦੇ ਹਨ, ਸ਼ਰਾਬ ਪੀਂਦੇ ਹਨ ਅਤੇ ਰੌਲਾ ਪਾਉਂਦੇ ਹਨ।ਕੰਗਨਾ ਨੇ ਅੱਗੇ ਕਿਹਾ ਕਿ ਮੈਂ ਹਿਮਾਚਲ ਦੇ ਬੱਚਿਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਇਨ੍ਹਾਂ ਦੇ ਪ੍ਰਭਾਵ ‘ਚ ਨਾ ਆਉਣ। ਅਸੀਂ ਉਨ੍ਹਾਂ ਤੋਂ ਕੁਝ ਵੀ ਨਹੀਂ ਸਿਖਣਾ ਹੈ, ਉਨ੍ਹਾਂ ਨੇ ਸਾਡੀ ਜਵਾਨੀ ਬਰਬਾਦ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਹੀ ਕੰਗਨਾ ਰਣੌਤ ਨੇ 2 ਅਕਤੂਬਰ ਨੂੰ ਗਾਂਧੀ ਜਯੰਤੀ ‘ਤੇ ਲਾਲ ਬਹਾਦਰ ਸ਼ਾਸਤਰੀ ਅਤੇ ਮਹਾਤਮਾ ਗਾਂਧੀ ‘ਤੇ ਪੋਸਟ ਕਰਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਸੀ। ਇਹ ਵੀ ਵਰਨਣਯੋਗ ਹੈ ਕਿ ਕੰਗਨਾ ਰਣੌਤ ਦਾ ਪੰਜਾਬੀਆਂ ਪ੍ਰੰਤੀ ਇਹ ਪਹਿਲਾਂ ਵਿਵਾਦਤ ਬਿਆਨ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਪੰਜਾਬ ਪ੍ਰਤੀ ਜ਼ਹਿਰ ਉਗਲ ਚੁੱਕੀ ਹੈ। ਕੰਗਨਾ ਦੀ ਬਿਆਨਬਾਜ਼ੀ ਤੋਂ ਭਾਜਪਾ ਵੀ ਤੰਗ ਆ ਚੁੱਕੀ ਹੈ।]
ਕੰਗਨਾ ਰਨੌਤ ਦਾ ਹੋਣਾ ਚਾਹੀਦਾ ਹੈ ਡੋਪ ਟੈਸਟ : ਸਰਵਣ ਪੰਧੇਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਪਹਿਲਾਂ ਭਾਜਪਾ ਦੇ ਨੇਤਾ ਰਵਨੀਤ ਬਿੱਟੂ ਅਤੇ ਹੁਣ ਕੰਗਨਾ ਰਨੌਤ ਵੱਲੋਂ ਜਾਣ ਬੁਝ ਕੇ ਕਿਸਾਨਾਂ ਪ੍ਰਤੀ ਗਲਤ ਬਿਆਨਬਾਜੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਭਾਜਪਾ ਦੇ ਵੱਡੇ ਲੀਡਰਾਂ ਨੂੰ ਚਾਹੀਦਾ ਹੈ ਕਿ ਆਪਣੇ ਅਜਿਹੇ ਨੇਤਾਵਾਂ ਦੇ ਬਿਆਨਬਾਜ਼ੀਆਂ ਤੇ ਨਕੇਲ ਕੱਸਣ। ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਕੰਗਨਾ ਰਨੋਤ ਜੋ ਆਏ ਦਿਨ ਹੀ ਗਲਤ ਬਿਆਨਬਾਜ਼ੀਆਂ ਕਰਦੀ ਹੈ ਇਸ ਦੇ ਲਈ ਕੰਗਣਾ ਰਨੌਤ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ। ਅਸਲੀਅਤ ਜਗ ਜਾਹਿਰ ਹੋਣੀ ਚਾਹੀਦੀ ਹੈ ।