ਚੰਡੀਗੜ੍ਹ : ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਚਾਇਤੀ ਚੋਣਾਂ ਵਿੱਚ ਹੋ ਰਹੇ ਧੱਕੇ ਸਬੰਧੀ ਭਗਵੰਤ ਮਾਨ ਸਰਕਾਰ ਉੱਤੇ ਗੰਭੀਰ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ 300 ਦੇ ਲਗਭਗ ਪੰਚਾਇਤਾਂ ਦੇ ਹਾਈ ਕੋਰਟ ਵੱਲੋਂ ਚੋਣ ਸਟੇਅ ਹੋਣ ਨਾਲ ਇਹ ਗੱਲ ਸਾਬਤ ਹੁੰਦੀ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਚਾਇਤੀ ਚੋਣਾਂ ਵਿੱਚ ਜ਼ਬਰਦਸਤ ਧੱਕਾ ਕਰ ਰਹੀ ਹੈ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਚੋਣਾਂ ਵਿੱਚੋਂ ਹੁੰਦੇ ਧੱਕੇ ਦੇ ਖਿਲਾਫ ਇਕੱਲੇ ਇਕੱਲੇ ਵਿਅਕਤੀ ਨੂੰ ਜਾ ਕੇ ਕੋਰਟਾਂ ਵਿੱਚ ਕੇਸ ਕਰਨਾ ਪੈ ਰਿਹਾ ਹੈ ਅਤੇ ਇਸ ਵਾਸਤੇ ਲੱਖਾਂ ਰੁਪਏ ਖਰਚ ਹੋ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਦੇ ਇਸ ਧੱਕੇ ਦਾ ਇਨਸਾਫ ਲੋਕਾਂ ਨੂੰ ਹਾਈਕੋਰਟ ਵਿੱਚ ਜਾ ਕੇ ਹੀ ਮਿਲ ਰਿਹਾ ਹੈ ਪਰ ਇਸ ਨਾਲ ਉਹਨਾਂ ਦਾ ਪੈਸਾ ਅਤੇ ਸਮਾਂ ਦੋਨੇ ਬਹੁਤ ਜਿਆਦਾ ਖਰਾਬ ਹੋ ਰਹੇ ਹਨ। ਉਹਨਾਂ ਕਿਹਾ ਕਿ ਮਾਨਯੋਗ ਅਦਾਲਤਾਂ ਨੂੰ ਖੁਦ ਦਖਲ ਅੰਦਾਜੀ ਕਰਕੇ ਇਹ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਕਿਸੇ ਨਾਲ ਧੱਕਾ ਨਾ ਹੋਵੇ। ਉਹਨਾਂ ਕਿਹਾ ਕਿ ਮੋਹਾਲੀ ਵਿੱਚ ਵੀ ਸਰਕਾਰ ਪੰਚਾਇਤਾਂ ਦੀ ਸਰਬ ਸੰਮਤੀ ਕਰਾਉਣ ਲਈ ਧੱਕੇ ਕਰਵਾ ਰਹੀ ਹੈ ਸੋ ਬਹੁਤ ਮੰਦਭਾਗੀ ਗੱਲ ਹੈ ਅਤੇ ਲੋਕਤੰਤਰ ਦਾ ਘਾਣ ਹੈ।
ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਗਲਤ ਕਦਮ ਚੁੱਕਣ ਦੀ ਥਾਂ ਤੇ ਸਹੀ ਤਰੀਕੇ ਨਾਲ ਚੋਣ ਲੜੇ ਕਿਉਂਕਿ ਚੋਣਾਂ ਹੀ ਲੋਕਤਾਂਤਰਿਕ ਢੰਗ ਨਾਲ ਪੰਚਾਇਤ ਬਣਾਉਣ ਦਾ ਸਹੀ ਤਰੀਕਾ ਹੈ ਪਰ ਲੋਕਤੰਤਰ ਨੂੰ ਜਿਉਂਦਾ ਰੱਖਣ ਦੇ ਲਈ ਢੋਲ ਪਿੱਟਣ ਵਾਲੀ ਭਗਵੰਤ ਮਾਨ ਸਰਕਾਰ ਲੋਕਤੰਤਰ ਦਾ ਘਾਣ ਕਰਨ ਤੋਂ ਬਾਜ ਨਹੀਂ ਆ ਰਹੀ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਸਹੀ ਢੰਗ ਨਾਲ ਚੋਣਾਂ ਕਰਵਾਏ।