ਚੰਡੀਗੜ੍ਹ : ਅਖੀਰ ਦੀ ਵੀ ਹੱਦ ਹੁੰਦੀ, ਕਿੱਥੇ ਚਲੀ ਗਈ ਇਨਸਾਨੀਅਤ? ਮਰੀਜ਼ਾਂ ਲਈ ਪੀਜੀਆਈ ਇੱਕ ਮੰਦਰ ਹੈ ਅਤੇ ਡਾਕਟਰ ਭਗਵਾਨ ਪਰ ਜਦੋਂ ਮਰੀਜਾਂ ਦੇ ਦਰਦ ਨੂੰ ਘੱਟ ਕਰਨ ਲਈ ਕੋਈ ਸਟਾਫ਼ ਹੀ ਨਹੀਂ ਹੈ ਤਾਂ ਰੱਬ ਵੀ ਕੀ ਕਰੇ? ਪੀਜੀਆਈ ਵਿੱਚ ਪਿਛਲੇ ਚਾਰ ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਮਰੀਜ਼ ਬਿਨਾਂ ਇਲਾਜ ਤੋਂ ਪਰਤ ਰਹੇ ਹਨ। ਜਿੱਥੇ ਮਰੀਜ਼ ਇਲਾਜ ਦੀ ਆਸ ਵਿੱਚ ਆਏ ਸਨ, ਹੁਣ ਉਨ੍ਹਾਂ ਲਈ ਹਸਪਤਾਲ ਦੇ ਦਰਵਾਜ਼ੇ ਲਗਭਗ ਬੰਦ ਹੋ ਗਏ ਹਨ। ਇੱਥੇ ਆਉਣ ਵਾਲੇ ਹਜ਼ਾਰਾਂ ਮਰੀਜ਼ ਪੁੱਛ ਰਹੇ ਹਨ ਕਿ ਇਹ ਪੀਜੀਆਈ ਪ੍ਰਸ਼ਾਸਨ ਅਤੇ ਮੁਲਾਜ਼ਮਾਂ ਵਿਚਕਾਰ ਮਾਮਲਾ ਹੈ, ਉਨ੍ਹਾਂ ਨੂੰ ਇਸ ਵਿੱਚ ਕਿਉਂ ਘਸੀਟਿਆ ਜਾ ਰਿਹਾ ਹੈ। ਉਨ੍ਹਾਂ ਦਾ ਕੀ ਕਸੂਰ ਹੈ ਕਿ ਉਨ੍ਹਾਂ ਦਾ ਇਲਾਜ ਨਹੀਂ ਹੋ ਰਿਹਾ?
ਅਪਣੀ ਇਸ ਬਿਮਾਰੀ ਤੋਂ ਠੀਕ ਹੋਣ ਦੀ ਆਸ ਵਿੱਚ ਕਰੀਬ ਸੱਤ ਰਾਜਾਂ ਦੇ ਲੋਕ ਪੀਜੀਆਈ ਚੰਡੀਗੜ੍ਹ ਵਿੱਚ ਆਉਂਦੇ ਹਨ ਪਰ ਹੁਣ ਇੱਥੇ ਸਥਿਤੀ ਬਹੁਤ ਗੰਭੀਰ ਹੋ ਗਈ ਹੈ। ਇਹ ਹੜਤਾਲ ਨਾ ਸਿਰਫ਼ ਡਾਕਟਰੀ ਸੇਵਾਵਾਂ ਨੂੰ ਠੱਪ ਕਰਕੇ ਰੱਖ ਰਹੀ ਹੈ, ਸਗੋਂ ਉਨ੍ਹਾਂ ਲੋਕਾਂ ਲਈ ਵੀ ਵੱਡੀ ਚੁਣੌਤੀ ਬਣ ਗਈ ਹੈ ਜੋ ਇਲਾਜ ਦੀ ਆਖਰੀ ਉਮੀਦ ਲੈ ਕੇ ਇਸ ਹਸਪਤਾਲ ਵਿੱਚ ਆਏ ਸਨ। ਹੁਣ ਦੇਖਣਾ ਇਹ ਹੈ ਕਿ ਇਹ ਸੰਕਟ ਕਿਵੇਂ ਅਤੇ ਕਦੋਂ ਹੱਲ ਹੋਵੇਗਾ, ਤਾਂ ਜੋ ਮਰੀਜ਼ਾਂ ਨੂੰ ਮੁੜ ਤੋਂ ਡਾਕਟਰੀ ਸੇਵਾਵਾਂ ਮਿਲ ਸਕਣ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਨਵੀਂ ਉਮੀਦ ਮਿਲ ਸਕੇ।