ਚੰਡੀਗੜ੍ਹ : ਗੁਰਦਾਸਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਲਾਰੇਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਵਰਗੇ ਗੈਂਗਸਟਰਾਂ ਦੇ ਮੁੱਦੇ ‘ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਨਿਸ਼ਾਨਾ ਸਾਧਿਆ ਗਿਆ ਹੈ। ਰੰਧਾਵਾ ਨੇ ਦੋਸ਼ ਲਾਇਆ ਕਿ ਦੋਵੇਂ ਗੈਂਗਸਟਰ ਭਾਜਪਾ ਸ਼ਾਸਤ ਰਾਜਾਂ ਰਾਜਸਥਾਨ ਅਤੇ ਗੁਜਰਾਤ ਦੀਆਂ ਜੇਲ੍ਹਾਂ ਵਿੱਚ ਬੰਦ ਹਨ ਅਤੇ ਉੱਥੋਂ ਦੇ ਵੱਡੇ ਕਾਰੋਬਾਰੀਆਂ, ਸਿਆਸਤਦਾਨਾਂ ਅਤੇ ਕਲਾਕਾਰਾਂ ਤੋਂ ਫਿਰੌਤੀ ਦੀ ਮੰਗ ਕਰਦੇ ਹਨ।
ਆਪਣੇ ਐਕਸ ਤੇ ਪੋਸਟ ਕਰਦੇ ਹੋਏ ਰੰਧਾਵਾ ਨੇ ਦੋਸ਼ ਲਾਇਆ ਕਿ ਜੇਕਰ ਕੋਈ ਫਿਰੌਤੀ ਨਹੀਂ ਦਿੰਦਾ ਤਾਂ ਇਨ੍ਹਾਂ ਗੈਂਗਸਟਰਾਂ ਵੱਲੋਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਫਿਰੌਤੀ ਦੀ ਰਕਮ ਕਿਸ ਭਾਜਪਾ ਆਗੂ ਤੱਕ ਪਹੁੰਚ ਰਹੀ ਹੈ, ਕੌਣ ਇਨ੍ਹਾਂ ਗੈਂਗਸਟਰਾਂ ਨੂੰ ਬਚਾ ਰਿਹਾ ਹੈ ਅਤੇ ਕਾਨੂੰਨ ਦੀ ਗ੍ਰਿਫ਼ਤ ਤੋਂ ਬਚਾ ਰਿਹਾ ਹੈ। ਉਨ੍ਹਾਂ ਇਹ ਸਵਾਲ ਵੀ ਉਠਾਇਆ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਹ ਸੱਭ ਕਿਓ ਨਹੀਂ ਦੇਖ ਪਾ ਰਹੇ।
ਰੰਧਾਵਾ ਦੇ ਇਸ ਬਿਆਨ ਨੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਇਹ ਮੁੱਦਾ ਕਾਨੂੰਨ ਵਿਵਸਥਾ ਅਤੇ ਅਪਰਾਧ ਦੇ ਨਾਲ-ਨਾਲ ਸਿਆਸੀ ਸਰਪ੍ਰਸਤੀ ‘ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਇਸ ‘ਤੇ ਭਾਜਪਾ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ।