ਡੇਰਾਬੱਸੀ : ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਅਤੇ ਐਸ ਐਸ ਪੀ ਦੀਪਕ ਪਾਰਿਕ ਨੇ ਅੱਜ ਸਾਂਝੇ ਤੌਰ ’ਤੇ ਡੇਰਾਬੱਸੀ ਇਲਾਕੇ ਦੇ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਨੂੰ ਬਿਨਾਂ ਅੱਗ ਲਾਇਆਂ ਸੰਭਾਲਣ ਦੀ ਅਪੀਲ ਕੀਤੀ। ਡਿਪਟੀ ਕਮਿਸ਼ਨਰ ਨੇ ਪਿੰਡ ਚਡਿਆਲਾ ਵਿਖੇ ਬੇਲਰ ਰਾਹੀਂ ਪਰਾਲੀ ਦੀਆਂ ਗੰਢਾਂ ਬਣਾਉਣ ਵਾਲੇ ਕਿਸਾਨ ਪਰਵਿੰਦਰ ਸਿੰਘ ਨਾਲ ਗੱਲਬਾਤ ਕਰਦਿਆਂ ਉਸ ਨੂੰ ਹੋਰਨਾਂ ਵਾਸਤੇ ਵੀ ਮਿਸਾਲ ਦੱਸਿਆ। ਪਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੇਲਰ ਦੀ ਮੱਦਦ ਨਾਲ ਲਗਪਗ 600 ਏਕੜ ਦੀ ਪਰਾਲੀ ਹਰ ਸਾਲ ਇਕੱਠੀ ਕਰਕੇ ਪਿਛਲੇ ਤਿੰਨ-ਚਾਰ ਸਾਲਾਂ ਤੋਂ ਸੜਨ ਤੋਂ ਬਚਾਅ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਡੇਰਬੱਸੀ ਇਲਾਕੇ ’ਚ ਪਰਾਲੀ ਦੀ ਵਰਤੋਂ ਵੱਖ-ਵੱਖ ਫੈਕਟਰੀਆਂ ਵੱਲੋਂ ਬਾਇਲਰ ’ਚ ਜੈਵਿਕ ਬਾਲਣ ਵਜੋਂ ਕਰਨੀ ਸ਼ੁਰੂ ਕਰ ਦੇਣ ਨਾਲ, ਪਰਾਲੀ ਦੇ ਨਿਪਟਾਰੇ ’ਚ ਸੌਖ ਹੋ ਗਈ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਹੋਰਨਾਂ ਕਿਸਾਨਾਂ ਨੂੰ ਵੀ ਪਰਵਿੰਦਰ ਤੋਂ ਸੇਧ ਲੈਣ ਲਈ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ’ਚ ਲੋੜੀਂਦੀ ਮਾਤਰਾ ’ਚ ਪਰਾਲੀ ਦੀ ਸਾਂਭ-ਸੰਭਾਲ ਲਈ ਮਸ਼ੀਨਰੀ ਉਪਲਬਧ ਹੈ, ਜਿਸ ਦਾ ਕਿਸਾਨ ਵੱਧ ਤੋਂ ਵੱਧ ਫ਼ਾਇਦਾ ਲੈ ਕੇ ਪਰਾਲੀ ਨੂੰ ਬਿਨਾਂ ਅੱਗ ਲਾਇਆਂ ਇਸ ਦਾ ਨਿਪਟਾਰਾ ਕਰਨ।
ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (ਐਨ ਸੀ ਆਰ ਆਰ ਅਤੇ ਨੇੜਲੇ ਹੋਰ ਇਲਾਕੇ) ਵੱਲੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਸਖਤ ਨੋਟਿਸ ਲੈਂਦਿਆਂ, ਇਸ ’ਤੇ ਸਖ਼ਤੀ ਨਾਲ ਰੋਕ ਲਾਉਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਅਤੇ ਨੇੜਲੇ ਪਿੰਡਾਂ ’ਚੋਂ ਪਰਾਲੀ ਪ੍ਰਬੰਧਨ ਖੇਤੀ ਸੰਦ ਮੁਹੱਈਆ ਕਰਵਾਏ ਜਾਣ ਲਈ ਹਰੇਕ ਪਿੰਡ ਪਿੱਛੇ ਇੱਕ ਨੋਡਲ ਅਫ਼ਸਰ ਅਤੇ 10 ਪਿੰਡਾਂ ਪਿੱਛੇ ਇੱਕ-ਇੱਕ ਕਲੱਸਟਰ ਅਫ਼ਸਰ ਤਾਇਨਾਤ ਕੀਤਾ ਗਿਆ ਹੈ। ਐਸ ਐਸ ਪੀ ਦੀਪਕ ਪਾਰਿਕ ਨੇ ਇਸ ਮੌਕੇ ਆਖਿਆ ਕਿ ਪਰਾਲੀ ਸਾੜਨ ਨਾਲ ਉੱਠਦਾ ਧੂੰਆਂ ਜਿੱਥੇ ਹਾਦਸਿਆਂ ਦਾ ਕਾਰਨ ਬਣਦਾ ਹੈ, ਉੱਥੇ ਬਿਮਾਰ ਅਤੇ ਸਾਹ ਦੀ ਬਿਮਾਰੀ ਤੋਂ ਪੀੜਤ ਲੋਕਾਂ ਦੀ ਪ੍ਰੇਸ਼ਾਨੀ ਵੀ ਵਧਾ ਦਿੰਦਾ ਹੈ, ਇਸ ਲਈ ਸਾਨੂੰ ਵਾਤਾਵਰਣ ਅਤੇ ਇਨਸਾਨਾਂ ਦੋਵਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਇਸ ਆਦਤ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਕਿਸਾਨਾਂ ਦੀ ਪਰਾਲੀ ਦੇ ਨਿਪਟਾਰੇ ਦੀ ਮੁਸ਼ਕਿਲ ’ਚ ਹਰ ਤਰ੍ਹਾਂ ਦੀ ਮੱਦਦ ਲਈ ਵਚਨਬੱਧ ਹੈ, ਇਸ ਲਈ ਸਾਨੂੰ ਪਰਾਲੀ ਦਾ ਨਿਪਟਾਰਾ ਮਸ਼ੀਨਰੀ ਨਾਲ ਹੀ ਕਰਨਾ ਚਾਹੀਦਾ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਅਤੇ ਖੇਤੀਬਾੜੀ ਅਫ਼ਸਰ ਡੇਰਾਬੱਸੀ ਡਾ. ਦਾਨਿਸ਼ ਵੀ ਮੌਜੂਦ ਸਨ।