ਜ਼ੀਰਕਪੁਰ : ਜ਼ੀਰਕਪੁਰ ਨਗਰ ਕੌਂਸਲ ਦੀ ਸਾਬਕਾ ਕੌਂਸਲਰ ਰੀਤੂ ਦੇ ਪਤੀ ਅਤੇ ਯੂਥ ਅਕਾਲੀ ਆਗੂ ਰਜੇਸ਼ ਕੁਮਾਰ ਉਰਫ ਅੰਗਰੇਜ਼ ਸਿੰਘ ਦੀ ਅੱਜ ਵੱਡੇ ਤੜਕੇ ਅਚਾਨਕ ਮੌਤ ਹੋ ਗਈ। ਉਹ ਕਰੀਬ 45 ਵਰਿਆਂ ਦੇ ਸਨ। ਅੰਗਰੇਜ਼ ਬੀਤੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਹਨਾਂ ਦੀ ਅਚਾਨਕ ਹੋਈ ਮੌਤ ਨਾਲ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਤੇ ਅੱਜ ਦੁਪਹਿਰ ਵੇਲੇ ਹਜ਼ਾਰਾਂ ਸੇਜਲ ਅੱਖਾਂ ਨਾਲ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਹਾਸਲ ਜਾਣਕਾਰੀ ਅਨੁਸਾਰ ਰਾਜੇਸ਼ ਕੁਮਾਰ ਉਰਫ ਅੰਗਰੇਜ ਸਿੰਘ ਬੀਤੇ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਬਹੁਤ ਹੀ ਸਰਗਰਮ ਆਗੂ ਸਨ। ਬੀਤੇ ਸਮੇਂ ਦੌਰਾਨ ਉਹਨਾਂ ਦੀ ਪਤਨੀ ਰੀਤੂ ਨਗਰ ਕੌਂਸਲ ਦੀ ਕੌਂਸਲਰ ਵੀ ਰਹਿ ਚੁੱਕੀ ਹੈ। ਅੱਜ ਸਵੇਰੇ ਉਹਨਾਂ ਦੀ ਮੌਤ ਦੀ ਖਬਰ ਸੋਸ਼ਲ ਮੀਡੀਆ ਤੇ ਫੈਲਣ ਕਾਰਨ ਸ਼ਹਿਰ ਵਾਸੀ ਇਕਦਮ ਸੁੰਨ ਪੈ ਗਏ। ਅੰਗਰੇਜ਼ ਸਿੰਘ ਦੀ ਮੌਤ ਤੇ ਵੱਖ ਵੱਖ ਸਿਆਸੀ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਅੰਗਰੇਜ਼ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਬੇਟੇ ਵੀ ਛੱਡ ਗਏ ਹਨ। ਉਹਨਾਂ ਦੀ ਅੰਤਿਮ ਯਾਤਰਾ ਵਿੱਚ ਸਾਬਕਾ ਵਿਧਾਇਕ ਅਤੇ ਅਕਾਲੀ ਦਲ ਦੇ ਕੈਸ਼ੀਅਰ ਐਨ ਕੇ ਸ਼ਰਮਾ, ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਢਕੌਲੀ, ਜ਼ੀਰਕਪੁਰ ਨਗਰ ਕੌਂਸਲ ਦੇ ਪ੍ਰਧਾਨ ਉਦੇ ਵੀਰ ਸਿੰਘ ਢਿੱਲੋਂ, ਸੀਨੀਅਰ ਭਾਜਪਾ ਆਗੂ ਸੰਜੀਵ ਖੰਨਾ, ਪਵਨ ਸ਼ਰਮਾ, ਅਵਤਾਰ ਧੀਮਾਨ, ਅਸ਼ਵਨੀ ਕੁਮਾਰ, ਮੁਕੇਸ਼ ਸੈਣੀ, ਦਵਿੰਦਰ ਸਿੰਘ ਢਕੋਲੀ, ਜਿਲਾ ਯੋਜਨਾ ਬੋਰਡ ਮੋਹਾਲੀ ਦੇ ਸਾਬਕਾ ਚੇਅਰਮੈਨ ਕ੍ਰਿਸ਼ਨ ਪਾਲ ਸ਼ਰਮਾ, ਸਾਬਕਾ ਕੌਂਸਲਰ ਪ੍ਰਵੀਨ ਸ਼ਰਮਾ, ਹਨੂਮੰਤ ਬਹੁਗੁਣਾ, ਧਰਮਿੰਦਰ ਗੌਤਮ, ਜ਼ੀਰਕਪੁਰ ਖੇਤਰ ਦੀਆਂ ਵੱਖ ਵੱਖ ਕਲੋਨੀਆਂ ਅਤੇ ਸੁਸਾਇਟੀਆਂ ਦੀਆਂ ਵੈਲਫੇਅਰ ਐਸੋਸੀਏਸ਼ਨਾਂ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਸਮੇਤ ਸਮੇਤ ਸੈਂਕੜੇ ਲੋਕਾਂ ਨੇ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ। ਜਿੱਥੇ ਸੈਕਟਰ 20 ਸਥਿਤ ਸ਼ਮਸ਼ਾਨ ਘਾਟ ਵਿਖੇ ਅੰਗਰੇਜ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।