65.15 ਫੀਸਦੀ ਪੋਲਿੰਗ ਦਰਜ ਕੀਤੀ ਗਈ
ਐਸ.ਏ.ਐਸ.ਨਗਰ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ 266 ਗ੍ਰਾਮ ਪੰਚਾਇਤਾਂ ਦੇ ਵੋਟਰਾਂ ਅਤੇ ਉਮੀਦਵਾਰਾਂ ਦਾ ਪੋਲਿੰਗ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਹੈ। ਜ਼ਿਲ੍ਹੇ ਵਿੱਚ ਸ਼ਾਮ 4 ਵਜੇ ਤੱਕ 65.15 ਫੀਸਦੀ ਪੋਲਿੰਗ ਦਰਜ ਕੀਤੀ ਗਈ ਜਦਕਿ ਫਾਈਨਲ ਮਤਦਾਨ ਪ੍ਰਤੀਸ਼ਤਤਾ ਦਾ ਅੰਕੜਾ ਵੱਧ ਸਕਦਾ ਹੈ। ਪੋਲਿੰਗ ਬੂਥਾਂ 'ਤੇ ਤਾਇਨਾਤ ਪੋਲਿੰਗ ਸਟਾਫ਼ ਅਤੇ ਸੁਰੱਖਿਆ ਕਰਮੀਆਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ 'ਚ ਵੋਟਾਂ ਨੂੰ ਨਿਰਵਿਘਨ ਅਤੇ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਉਹ ਸਾਰੇ ਪ੍ਰਸ਼ੰਸਾ ਦੇ ਹੱਕਦਾਰ ਹਨ। ਉਨ੍ਹਾਂ ਦੱਸਿਆ ਕਿ ਨਿਗਰਾਨ ਅਫ਼ਸਰਾਂ ਵਿੱਚ ਏ.ਡੀ.ਸੀ.(ਜੀ) ਵਿਰਾਜ ਐਸ. ਤਿੜਕੇ, ਏ.ਡੀ.ਸੀ.(ਡੀ) ਸੋਨਮ ਚੌਧਰੀ, ਕਮਿਸ਼ਨਰ ਐਮ.ਸੀ.ਟੀ. ਬੈਨਿਥ, ਐਸ.ਡੀ.ਐਮਜ਼ ਦਮਨਦੀਪ ਕੌਰ ਮੁਹਾਲੀ, ਅਮਿਤ ਗੁਪਤਾ ਡੇਰਾਬੱਸੀ, ਗੁਰਮੰਦਰ ਸਿੰਘ ਖਰੜ, ਦੀਪਾਂਕਰ ਗਰਗ ਸੰਯੁਕਤ ਕਮਿਸ਼ਨਰ ਐਮ.ਸੀ., ਡਾ. ਅੰਕਿਤਾ ਕਾਂਸਲ ਸਹਾਇਕ ਕਮਿਸ਼ਨਰ (ਜ) ਅਤੇ ਜ਼ਿਲ੍ਹਾ ਮਾਲ ਅਫ਼ਸਰ ਅਮਨਦੀਪ ਚਾਵਲਾ ਨੇ ਸਮੁੱਚੀ ਚੋਣ ਪ੍ਰਕਿਰਿਆ ਦਾ ਨਿਰੀਖਣ ਅਤੇ ਸੰਚਾਲਨ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤਾ। ਆਪਣੇ ਪੁਲਿਸ ਹਮਰੁਤਬਾ, ਸੀਨੀਅਰ ਪੁਲਿਸ ਕਪਤਾਨ, ਦੀਪਕ ਪਾਰੀਕ ਦਾ ਧੰਨਵਾਦ ਕਰਦੇ ਹੋਏ, ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੋਲਿੰਗ ਲਈ ਸੁਰੱਖਿਆ ਤੈਨਾਤੀ ਯੋਜਨਾ ਨੇ ਵਧੀਆ ਕੰਮ ਕੀਤਾ ਹੈ ਅਤੇ ਐਸ.ਐਸ.ਪੀ., ਐਸ.ਪੀਜ਼ ਅਤੇ ਡੀ. ਐਸ.ਪੀਜ਼ ਦੁਆਰਾ ਨੇੜਿਓਂ ਨਿਗਰਾਨੀ ਰੱਖੀ ਗਈ। ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਕਿਹਾ ਕਿ ਜਿਨ੍ਹਾਂ ਪੋਲਿੰਗ ਸਥਾਨਾਂ 'ਤੇ ਵੋਟਾਂ ਪਈਆਂ ਹਨ, ਉਨ੍ਹਾਂ 'ਤੇ ਗਿਣਤੀ ਦਾ ਕੰਮ ਮਤਦਾਨ ਸਮਾਪਤੀ ਦੇ ਨਾਲ ਹੀ ਚੱਲ ਪਵੇਗਾ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਵੋਟਾਂ ਦੀ ਗਿਣਤੀ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣਗੇ।