ਚੰਡੀਗੜ੍ਹ : ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2021 ਵਿੱਚ ਪ੍ਰਕਾਸ਼ਿਤ ਪੁਸਤਕਾਂ ਵਿੱਚੋਂ ਸਾਲ 2022 ਲਈ ਪੰਜਾਬੀ ਭਾਸ਼ਾ ਦੀਆਂ ਵੱਖ-ਵੱਖ ਵੰਨਗੀਆਂ ਨਾਲ ਸਬੰਧਤ 10 ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ ਜਿਸ ਵਿੱਚ ਬਰਨਾਲਾ ਸ਼ਹਿਰ ਦੇ ਜੰਮਪਲ ਖੇਡ ਲੇਖਕ ਨਵਦੀਪ ਸਿੰਘ ਗਿੱਲ ਦੀ ਪੁਸਤਕ ‘ਉੱਡਣਾ ਬਾਜ਼’ ਨੂੰ ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ ਟੀਕਾਕਾਰੀ/ਕੋਸ਼ਕਾਰੀ) ਐਵਾਰਡ ਲਈ ਚੁਣਿਆ ਗਿਆ ਹੈ। ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਇਹ ਐਲਾਨ ਕਰਦਿਆਂ ਦੱਸਿਆ ਕਿ ਇਹ ਪੁਰਸਕਾਰ ਨਵੰਬਰ 2024 ਦੇ ਪਹਿਲੇ ਹਫ਼ਤੇ ਪੰਜਾਬੀ ਮਾਹ ਦੇ ਰਾਜ ਪੱਧਰੀ ਉਦਘਾਟਨੀ ਸਮਾਗਮ ਦੌਰਾਨ ਭਾਸ਼ਾ ਭਵਨ, ਪਟਿਆਲਾ ਵਿਖੇ ਪ੍ਰਦਾਨ ਕੀਤੇ ਜਾਣਗੇ।
ਖੇਡ ਲੇਖਕ ਤੇ ਪੰਜਾਬ ਸਰਕਾਰ ਵਿੱਚ ਸੂਚਨਾ ਤੇ ਲੋਕ ਸੰਪਰਕ ਅਫਸਰ ਵਜੋਂ ਤਾਇਨਾਤ ਨਵਦੀਪ ਸਿੰਘ ਗਿੱਲ ਦੀ ਪੁਸਤਕ “ਉੱਡਣਾ ਬਾਜ਼” ਨੂੰ ਭਾਸ਼ਾ ਵਿਭਾਗ ਦੇ ਇਸ ਵੱਕਾਰੀ ਪੁਰਸਕਾਰ ਲਈ ਚੁਣੇ ਜਾਣ ਉੱਤੇ ਸਾਹਿਤ, ਕਲਾ ਤੇ ਖੇਡ ਜਗਤ ਦੀਆਂ ਸਖਸ਼ੀਅਤਾਂ ਨੇ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪਦਮਾ ਸ਼੍ਰੀ ਗੁਰਬਚਨ ਸਿੰਘ ਰੰਧਾਵਾ ਭਾਰਤ ਦੇ ਮਹਾਨ ਅਥਲੀਟ ਹਨ ਜੋ ਓਲੰਪਿਕ ਖੇਡਾਂ ਦਾ ਫਾਈਨਲਿਸਟ, ਏਸ਼ਿਆਈ ਖੇਡਾਂ ਦਾ ਬੈਸਟ ਅਥਲੀਟ, ਦੇਸ਼ ਦੇ ਪਹਿਲੇ ਅਰਜੁਨਾ ਐਵਾਰਡੀ ਅਤੇ ਕੌਮੀ ਪੱਧਰ ਉਤੇ ਦੋ ਦਿਨਾਂ ਅੰਦਰ ਚਾਰ ਨੈਸ਼ਨਲ ਰਿਕਾਰਡ ਬਣਾ ਚੁੱਕੇ ਹਨ।“ਉੱਡਣਾ ਬਾਜ਼” ਲੋਕਗੀਤ ਪ੍ਰਕਾਸ਼ਨ ਵੱਲੋਂ ਨਵੰਬਰ 2021 ਵਿੱਚ ਛਾਪੀ ਗਈ ਸੀ।
ਪ੍ਰਸਿੱਧ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ, ਸਾਬਕਕਾ ਡੀ.ਜੀ.ਪੀ. ਤੇ ਉੱਘੇ ਖੇਡ ਪ੍ਰਸ਼ਾਸਕ ਰਾਜਦੀਪ ਸਿੰਘ ਗਿੱਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ ਕ੍ਰਿਪਾਲ ਸਿੰਘ ਔਲਖ, ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ, ਪੰਜਾਬ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਪਦਮਾ ਸ਼੍ਰੀ ਪਹਿਲਵਾਨ ਕਰਤਾਰ ਸਿੰਘ, ਗੀਤਕਾਰ ਸ਼ਮਸ਼ੇਰ ਸੰਧੂ, ਅਰਜੁਨਾ ਐਵਾਰਡੀ ਨਿਸ਼ਾਨੇਬਾਜ਼ ਗੁਰਬੀਰ ਸਿੰਘ ਸੰਧੂ,
ਅਦਾਕਾਰ ਮਲਕੀਤ ਰੌਣੀ, ਯੂਨੀਸਟਾਰ ਪ੍ਰਕਾਸ਼ਨ ਦੇ ਹਰੀਸ਼ ਜੈਨ, ਦਰੋਣਾਚਾਰੀਆ ਐਵਾਰਡੀ ਗੁਰਬਖ਼ਸ਼ ਸਿੰਘ ਸੰਧੂ ਨੇ ਨਵਦੀਪ ਸਿੰਘ ਗਿੱਲ ਨੂੰ ਇਸ ਐਵਾਰਡ ਲਈ ਵਧਾਈ ਦਿੰਦਿਆਂ ਆਖਿਆ ਹੈ ਕਿ ‘ਉੱਡਣਾ ਬਾਜ਼’ ਪੁਸਤਕ ਨੂੰ ਸਰਵੋਤਮ ਚੁਣੇ ਜਾਣ ਨਾਲ ਖੇਡਾਂ ਦੇ ਨਾਲ ਸਾਹਿਤ ਜਗਤ ਵੀ ਚੋਣ ਮਹਾਨ ਖਿਡਾਰੀ ਗੁਰਬਚਨ ਸਿੰਘ ਰੰਧਾਵਾ ਦੀਆਂ ਪ੍ਰਾਪਤੀਆਂ ਨੂੰ ਜਾਣੇਗਾ। ਉਨ੍ਹਾਂ ਕਿਹਾ ਕਿ ਇਹ ਜੀਵਨੀ ਪੁਸਤਕ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਸ੍ਰੋਤ ਹੈ ਜਿਸ ਨੂੰ ਭਾਸ਼ਾ ਵਿਭਾਗ ਨੇ ਮਾਨਤਾ ਦਿੱਤੀ ਹੈ।
ਨਵਦੀਪ ਸਿੰਘ ਗਿੱਲ ਪੰਜਾਬ ਸਰਕਾਰ ਵਿੱਚ ਸੂਚਨਾ ਤੇ ਲੋਕ ਸੰਪਰਕ ਅਫਸਰ ਵਜੋਂ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਤਾਇਨਾਤ ਹੈ। ਨਵਦੀਪ ਸਿੰਘ ਗਿੱਲ ਪਿਛਲੇ 23 ਸਾਲ ਤੋਂ ਨਿਰੰਤਰ ਅਖਬਾਰਾਂ-ਰਸਾਲਿਆਂ ਲਈ ਖੇਡ ਕਾਲਮ ਲਿਖਣ ਤੋਂ ਇਲਾਵਾ ਹੁਣ ਤੱਕ 13 ਪੁਸਤਕਾਂ ਲਿਖ ਚੁੱਕਾ ਹੈ ਜਿਨ੍ਹਾਂ ਵਿੱਚੋਂ 12 ਪੁਸਤਕਾਂ ਖੇਡਾਂ ਤੇ ਖਿਡਾਰੀਆਂ ਨਾਲ ਸਬੰਧਤ ਹਨ। ਇਹ ਲੇਖਕ ਦੀ ਛੇਵੀਂ ਕਿਤਾਬ ਹੈ। ਨਵਦੀਪ ਸਿੰਘ ਗਿੱਲ ਨੇ ਬਤੌਰ ਖੇਡ ਪੱਤਰਕਾਰ ਬੀਜਿੰਗ ਓਲੰਪਿਕ ਖੇਡਾਂ-2008, ਦੋਹਾ ਏਸ਼ਿਆਈ ਖੇਡਾਂ-2006 ਤੇ ਦਿੱਲੀ ਰਾਸ਼ਟਰਮੰਡਲ ਖੇਡਾਂ-2010 ਦੀ ਕਵਰੇਜ਼ ਵੀ ਕੀਤੀ ਹੈ।
ਨਵਦੀਪ ਸਿੰਘ ਗਿੱਲ ਦੀ ਇਹ 296 ਪੰਨਿਆਂ ਦੀ ਪੁਸਤਕ “ਉੱਡਣਾ ਬਾਜ਼” ਵਿੱਚ ਗੁਰਬਚਨ ਸਿੰਘ ਰੰਧਾਵਾ ਦੇ ਪਿੰਡ, ਪਰਿਵਾਰ, ਬਚਪਨ ਤੋਂ ਖੇਡ ਜੀਵਨ ਅਤੇ ਬਾਅਦ ਵਿੱਚ ਸੀ.ਆਰ.ਪੀ.ਐਫ. ਦੀ ਸਰਵਿਸ, ਕੋਚ, ਪ੍ਰਸ਼ਾਸਕ, ਸਲਾਹਕਾਰ, ਚੋਣਕਾਰ ਅਤੇ ਡੋਪਿੰਡ ਪੈਨਲ ਦੇ ਮੁਖੀ ਵਜੋਂ ਸੇਵਾਵਾਂ ਦਾ ਵੀ ਜ਼ਿਕਰ ਹੈ। ਸਮਕਾਲੀਆਂ ਖਿਡਾਰੀਆਂ ਦੇ ਵੇਰਵਿਆਂ ਸਮੇਤ ਅਥਲੀਟ ਰੰਧਾਵਾ ਦੇ ਜੀਵਨ ਦੇ ਰੌਚਕ ਪਹਿਲੂਆਂ ਦੀ ਵੀ ਜਾਣਕਾਰੀ ਮਿਲਦੀ ਹੈ। ਪੁਸਤਕ ਵਿੱਚ ਗੁਰਬਚਨ ਸਿੰਘ ਰੰਧਾਵਾ ਦੇ ਬਚਪਨ ਤੋਂ ਹੁਣ ਤੱਕ ਦੇ ਸਫਰ ਨੂੰ ਤਸਵੀਰਾਂ ਦੀ ਜ਼ੁਬਾਨੀ ਵੀ ਦਰਸਾਇਆ ਗਿਆ ਹੈ।