ਜ਼ੀਰਕਪੁਰ : ਐਚਡੀਐਫਸੀ ਬੈਂਕ ਦੀ ‘ਟ੍ਰੀਵੋਲਿਊਸ਼ਨ’ ਪਹਿਲਕਦਮੀ ਤਹਿਤ ਅੱਜ ਗਾਜ਼ੀਪੁਰ ਅਰਬਨ ਫੋਰੈਸਟ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਸਫ਼ਲਤਾਪੂਰਵਕ ਆਰੰਭ ਕੀਤੀ ਗਈ। ਇਹ ਮੁਹਿੰਮ ਗ੍ਰੀਨ ਪਲੈਨੇਟ ਸੁਸਾਇਟੀ (ਜੀ.ਪੀ.ਐਸ.) ਅਤੇ ਗੁਰੂਕੁਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ 'ਤੇ ਚਲਾਈ ਗਈ | ਇਹ ਮੁਹਿੰਮ 107 ਏਕੜ ਮਿਉਂਸਪਲ ਗਰੀਨ ਏਰੀਆ ਵਿੱਚ ਚਲਾਈ ਜਾਵੇਗੀ। ਇਸ ਮੁਹਿੰਮ ਤਹਿਤ 6 ਹਜਾਰ ਰੁੱਖ ਅਤੇ 50 ਤੋਂ ਵੱਧ ਵੱਖ-ਵੱਖ ਕਿਸਮਾਂ ਦੇ ਰੁੱਖ ਪੌਦੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਪ੍ਰੋਗਰਾਮ ਵਿੱਚ ਗੁਰੂਕੁਲ ਸਕੂਲ ਦੀ ਪ੍ਰਿੰਸੀਪਲ ਹਿਨਾ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਜੰਗਲੀ ਖੇਤਰ ਦਾ ਨਿਯਮਤ ਦੌਰਾ ਕਰਨ ਅਤੇ ਲਗਾਏ ਗਏ ਬੂਟਿਆਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ, ''ਇਹ ਸਿਰਫ਼ ਇੱਕ ਪ੍ਰੋਗਰਾਮ ਨਹੀਂ ਹੈ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਬਣਾਉਣ ਦਾ ਇੱਕ ਤਰੀਕਾ ਹੈ ਅਤੇ ਵਾਤਾਵਰਣ ਨੂੰ ਸਾਂਭਣ ਲਈ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਗ੍ਰੀਨ ਪਲੈਨੇਟ ਸੁਸਾਇਟੀ ਦੇ ਪ੍ਰਧਾਨ ਸੁਮਿਤ ਭਾਰਦਵਾਜ ਨੇ ਸ਼ਹਿਰੀ ਜੰਗਲਾਂ ਦੀ ਮਹੱਤਤਾ ਅਤੇ ਸਥਾਨਕ ਵਾਤਾਵਰਨ 'ਤੇ ਇਨ੍ਹਾਂ ਦੇ ਸਕਾਰਾਤਮਕ ਪ੍ਰਭਾਵਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਸ਼ਹਿਰੀ ਖੇਤਰਾਂ ਵਿੱਚ ਜੰਗਲ ਲਗਾਉਣ ਨਾਲ ਨਾ ਸਿਰਫ਼ ਹਰਿਆਵਲ ਵਧਦੀ ਹੈ ਸਗੋਂ ਜੈਵ ਵਿਭਿੰਨਤਾ ਵਿੱਚ ਵੀ ਵਾਧਾ ਹੁੰਦਾ ਹੈ। ਇਸ ਮੌਕੇ ਗ੍ਰੀਨ ਪਲੈਨੇਟ ਸੁਸਾਇਟੀ ਦੇ ਸਕੱਤਰ ਕੇ.ਕੇ.ਸੋਨੀ, ਉਪਾਸਨਾ, ਰਾਜਿੰਦਰ ਸ਼ਰਮਾ, ਮਹਿੰਦਰ ਸਿੰਘ, ਵਿਨੋਦ ਨਾਇਰ ਸਮੇਤ ਸਾਰੇ ਪ੍ਰਮੁੱਖ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਹ ਰੁੱਖ ਲਗਾਉਣ ਦੀ ਮੁਹਿੰਮ ਜ਼ੀਰਕਪੁਰ ਨੂੰ ਹਰਿਆ ਭਰਿਆ ਅਤੇ ਟਿਕਾਊ ਸ਼ਹਿਰ ਬਣਾਉਣ ਲਈ ਐਚ ਡੀ ਐਫ ਸੀ ਬੈਂਕ ਅਤੇ ਗ੍ਰੀਨ ਪਲੈਨੇਟ ਸੁਸਾਇਟੀ ਦੇ ਸਾਂਝੇ ਯਤਨਾਂ ਦਾ ਇੱਕ ਹੋਰ ਮੀਲ ਪੱਥਰ ਹੈ। ਇਸ ਪਹਿਲਕਦਮੀ ਨੂੰ ਵੱਖ-ਵੱਖ ਵਿਭਾਗਾਂ ਅਤੇ ਵਾਤਾਵਰਣ ਸਮੂਹਾਂ ਤੋਂ ਪ੍ਰਸ਼ੰਸਾ ਮਿਲੀ ਹੈ ਅਤੇ ਇਹ ਸਥਾਨਕ ਭਾਈਚਾਰਿਆਂ ਨੂੰ ਵਾਤਾਵਰਣ ਸੁਰੱਖਿਆ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰ ਰਿਹਾ ਹੈ।