ਚੰਡੀਗੜ੍ਹ : ਅੱਜ ਇਥੋਂ ਜਾਰੀ ਬਿਆਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜੈਕਟਿਵ ਮੈਂਬਰਾਂ ਜਥੇਦਾਰ ਜਸਵੰਤ ਸਿੰਘ ਪੂੜੈਣ, ਜਥੇਦਾਰ ਇੰਦਰਮੋਹਨ ਸਿੰਘ ਲਖਮੀਰਵਾਲਾ ਅਤੇ ਬੀਬੀ ਮਲਕੀਤ ਕੌਰ ਕਮਾਲਪੁਰ ਵੱਲੋਂ ਸਾਂਝੇ ਬਿਆਨ ਵਿੱਚ ਜਥੇਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ੋਰ ਦੇ ਕੇ ਅਪੀਲ ਕਰਦਿਆਂ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਮਨਜ਼ੂਰ ਨਾ ਕੀਤਾ ਜਾਵੇ। ਕਿਉਂਕਿ ਇਹ ਵਰਤਾਰਾ ਜੋ ਵਾਪਰ ਰਿਹਾ ਹੈ ਬਿਲਕੁਲ ਸਿੱਖੀ ਸਿਧਾਂਤਾਂ ਉਲਟ ਹੈ। ਇਸ ਕਿਸਮ ਦੇ ਵਰਤਾਰਾ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਸਮੇਤ ਸਮੁੱਚੇ ਤਖਤ ਸਹਿਬਾਨ ਦੀ ਮਾਨ ਮਰਿਆਦਾ ਨੂੰ ਗਹਿਰੀ ਠੇਸ ਪਹੁੰਚੀ ਹੈ। ਉਹਨਾਂ ਬਾਕੀ ਜਥੇਦਾਰ ਸਾਹਿਬਾਨਾਂ ਨੂੰ ਅਪੀਲ ਕੀਤੀ ਕਿ ਇਸ ਮਸਲੇ ਤੇ ਸਾਰੇ ਇੱਕ ਜੁਟਤਾ ਮੁਜ਼ਾਹਰਾ ਕਰਦੇ ਹੋਏ ਇਸ ਵਰਤਾਰੇ ਦਾ ਵਿਰੋਧ ਕਰਨ। ਜੇਕਰ ਫਿਰ ਵੀ ਇਹ ਲੋਕ ਬਾਜ਼ ਨਹੀਂ ਆਉਂਦੇ ਤਾਂ ਸਮਾਂ ਤਹਿ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਸਰਬੱਤ ਖਾਲਸਾ ਸੱਦਣ ਦੀ ਮਿੱਤੀ ਦਾ ਐਲਾਨ ਕਰਨ ਤਾਂ ਕਿ ਸਮੁੱਚੇ ਸਿੱਖ ਪੰਥ ਤੋ ਸੇਧ ਲਈ ਜਾ ਸਕੇ। ਉੱਨਾਂ ਕਿਹਾ ਇਸ ਲੜਾਈ ਨੂੰ ਉਸ ਸਮੇਂ ਤੱਕ ਜਾਰੀ ਰੱਖਿਆ ਜਾਵੇ ਜਦ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਬਾਕੀ ਤਖ਼ਤ ਸਹਿਬਾਨ ਦੇ ਜਥੇਦਾਰ ਸਹਿਬਾਨ ਦੇ ਸੇਵਾ ਤੇ ਬਿਠਾਉਣ ਅਤੇ ਸੇਵਾ ਮੁਕਤੀ ਬਾਰੇ ਵਿਧੀ ਵਿਧਾਨ ਨਹੀ ਬਣ ਜਾਂਦੇ।
ਉੱਨਾਂ ਐਸਜੀਪੀਸੀ ਮੈਂਬਰਾਂ ਨੂੰ ਅਪੀਲ ਕੀਤੀ ਇਹ ਅੰਤ ਹੈ ਸਾਨੂੰ ਸਿਧਾਤਾਂ ਤੇ ਪਹਿਰਾ ਦੇਣਾ ਚਾਹੀਦਾ ਹੈ। ਜੇਕਰ ਅਸੀ ਹੁੱਣ ਵੀ ਨਾ ਜਾਗੇ ਤਾਂ ਇਤਿਹਾਸ ਸਾਨੂੰ ਕਦੇ ਮੁਆਫ਼ ਨਹੀਂ ਕਰੇਗਾ। ਕਿਉਂਕਿ ਸਿੱਖ ਲੋਕਾਂ ਦੀਆਂ ਬਹੂ ਬੇਟੀਆਂ ਬਚਾਉਂਦੇ ਆਏ ਹਨ ਤੇ ਅੱਜ ਸਾਡੇ ਤਖ਼ਤਾਂ ਦੇ ਜਥੇਦਾਰ ਸਾਹਿਬ ਦੇ ਪਰਿਵਾਰ ਮਹਿਫੂਜ ਨਹੀ ਰਹੇ ਸਾਡੇ ਲਈ ਡੁਬ ਮਰਨ ਦੇ ਬਰਾਬਰ ਹੈ। ਵੇਲਾ ਆ ਗਿਆ ਅਜਿਹੀ ਗੁੰਡਾ ਗਰਦੀ ਵਾਲੀ ਵਿਰਤੀ ਨੂੰ ਉਖਾੜ ਸੁੱਟਣ ਦਾ।