ਜ਼ੀਰਕਪੁਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਦਸਮੇਸ਼ ਖਾਲਸਾ ਕਾਲਜ, ਜ਼ੀਰਕਪੁਰ ਵਿਖੇ ਸੁਖਮਿੰਦਰ ਸਿੰਘ, ਸਕੱਤਰ ਵਿੱਦਿਆ ਦੇ ਦਿਸ਼ਾ-ਨਿਰਦੇਸ਼ ਹੇਠ, ਡਾ : ਕਰਮਬੀਰ ਸਿੰਘ, ਪ੍ਰਿੰਸੀਪਲ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਕੰਪਿਊਟਰ ਵਿਭਾਗ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ "ਪੰਜਾਬੀ ਭਾਸ਼ਾ ਦੀ ਕੰਪਿਊਟਰ ਵਿਚ ਵਰਤੋਂ " ਵਿਸ਼ੇ 'ਤੇ ਇੱਕ ਹਫ਼ਤੇ ਦੀ ਵਰਕਸ਼ਾਪ ਆਰੰਭ ਕੀਤੀ ਗਈ ਹੈ। ਪੰਜਾਬੀ ਵਿਭਾਗ ਦੇ ਮੁਖੀ ਡਾ. ਕਿਰਨਪਾਲ ਕੌਰ ਨੇ ਵਿਦਿਆਰਥੀਆਂ ਨੂੰ ਵਰਕਸ਼ਾਪ ਦੇ ਪਹਿਲੇ ਸੈਸ਼ਨ ਦੌਰਾਨ ਪੰਜਾਬੀ ਫੋਂਟਾਂ ਅਤੇ ਉਹਨਾਂ ਦੀ ਕੰਪਿਊਟਰ ਵਿਚ ਵਰਤੋਂ ਬਾਰੇ ਵਿਸਥਾਰਪੂਰਵਕ ਦੱਸਿਆ | ਉਹਨਾਂ ਨੇ ਇਸ ਮੌਕੇ ਦੱਸਿਆ ਕਿ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਪੰਜਾਬੀ ਵਿਚ ਟਾਈਪਿੰਗ, ਫੋਂਟ ਬਦਲੀ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਖੇਤਰ ਵਿਚ ਪੰਜਾਬੀ ਭਾਸ਼ਾ ਦੀ ਵਰਤੋਂ ਬਾਰੇ ਸਿਖਾਇਆ ਜਾਵੇਗਾ | ਪ੍ਰੋ. ਮਨਵੀਨ ਕੌਰ, ਮੁਖੀ, ਕੰਪਿਊਟਰ ਵਿਭਾਗ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਵਰਕਸ਼ਾਪ ਉਹਨਾਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗੀ ਅਤੇ ਵਿਦਿਆਰਥੀਆਂ ਨੂੰ ਵਰਕਸ਼ਾਪ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ । ਕਾਲਜ ਪ੍ਰਿੰਸੀਪਲ ਡਾ. ਕਰਮਬੀਰ ਸਿੰਘ ਨੇ ਪੰਜਾਬੀ ਅਤੇ ਕੰਪਿਊਟਰ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਵੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।