ਚੰਡੀਗੜ੍ਹ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ ਚਾਰ ਹਲਕੇ 10-ਡੇਰਾ ਬਾਬਾ ਨਾਨਕ, 44-ਚੱਬੇਵਾਲ (ਐਸ.ਸੀ), 84-ਗਿੱਦੜਬਾਹਾ ਅਤੇ 103-ਬਰਨਾਲਾ ਲਈ ਜ਼ਿਮਨੀ ਚੋਣ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਸਿਬਿਨ ਸੀ ਨੇ ਦੱਸਿਆ ਕਿ ਚੋਣਾਂ ਲਈ ਗਜ਼ਟ ਨੋਟੀਫਿਕੇਸ਼ਨ 18 ਅਕਤੂਬਰ, 2024 ਨੂੰ ਜਾਰੀ ਹੋਵੇਗਾ ਅਤੇ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 25 ਅਕਤੂਬਰ (ਸ਼ੁੱਕਰਵਾਰ) ਹੋਵੇਗੀ ਅਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ (ਸੋਮਵਾਰ) ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਿਸ ਲੈਣ ਦੀ ਅੰਤਿਮ ਮਿਤੀ 30 ਅਕਤੂਬਰ (ਬੁੱਧਵਾਰ) ਹੈ। ਸਿਬਿਨ ਸੀ ਨੇ ਦੱਸਿਆ ਕਿ 13 ਨਵੰਬਰ (ਬੁੱਧਵਾਰ) ਨੂੰ ਵੋਟਾਂ ਪੈਣਗੀਆਂ ਅਤੇ 23 ਨਵੰਬਰ (ਸ਼ਨਿੱਚਰਵਾਰ) ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ। ਜ਼ਿਮਨੀ ਚੋਣ ਮੁਕੰਮਲ ਹੋਣ ਦੀ ਆਖਰੀ ਮਿਤੀ 25 ਨੰਵਬਰ (ਸੋਮਵਾਰ) ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਪੈਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ।
ਸਿਬਿਨ ਸੀ ਨੇ ਦੱਸਿਆ ਕਿ 18 ਅਕਤੂਬਰ 2024 ਤੋਂ 25 ਅਕਤੂਬਰ, 2024 ਤੱਕ ਜਨਤਕ ਛੁੱਟੀ ਤੋਂ ਇਲਾਵਾ ਬਾਕੀ ਸਾਰੇ ਨਿਰਧਾਰਤ ਦਿਨਾਂ ਦੌਰਾਨ ਸਬੰਧਿਤ ਰਿਟਰਨਿੰਗ ਅਫ਼ਸਰਾਂ ਕੋਲ ਸਵੇਰੇ 11.00 ਵਜੇ ਤੋਂ ਸ਼ਾਮ 3.00 ਵਜੇ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਦੇ ਹਨ। ਦੱਸਣਯੋਗ ਹੈ ਕਿ ਨਾਮਜ਼ਦਗੀ ਪੱਤਰ ਫਾਰਮ 2B ਵਿੱਚ ਭਰੇ ਜਾਣੇ ਹਨ। ਜ਼ਿਕਰਯੋਗ ਹੈ ਕਿ ਖਾਲੀ ਫਾਰਮ ਸਬੰਧਤ ਰਿਟਰਨਿੰਗ ਅਫ਼ਸਰ ਕੋਲ ਉਪਲਬਧ ਹਨ। ਟਾਈਪ ਕੀਤੇ ਨਾਮਜ਼ਦਗੀ ਪੱਤਰ ਵੀ ਸਵੀਕਾਰ ਕੀਤੇ ਜਾਣਗੇ ਬਸ਼ਰਤੇ ਉਹ ਨਿਰਧਾਰਤ ਫਾਰਮੈਟ ਵਿੱਚ ਹੋਣ। ਉਨ੍ਹਾਂ ਕਿਹਾ ਕਿ ਤੀਸਰੇ ਸ਼ਨੀਵਾਰ ਯਾਨੀ 19 ਅਕਤੂਬਰ, 2024 ਵਾਲੇ ਦਿਨ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਤਹਿਤ ਛੁੱਟੀ ਨਹੀਂ ਹੈ। ਇਸ ਲਈ 19 ਅਕਤੂਬਰ, 2024 ਨੂੰ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਕੋਲ ਭਰੇ ਜਾ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ 20 ਅਕਤੂਬਰ, 2024 ਨੂੰ ਐਤਵਾਰ ਹੋਣ ਕਰਕੇ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਤਹਿਤ ਛੁੱਟੀ ਹੋਵੇਗੀ। ਇਸ ਲਈ ਇਸ ਦਿਨ ਨਾਮਜ਼ਦਗੀ ਪੱਤਰ ਨਹੀਂ ਭਰੇ ਜਾ ਸਕਣਗੇ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ 15 ਅਕਤੂਬਰ, 2024 (ਮੰਗਲਵਾਰ) ਨੂੰ ਜ਼ਿਮਨੀ ਚੋਣ ਦੇ ਐਲਾਨ ਨਾਲ ਹੀ ਚਾਰ ਜ਼ਿਲ੍ਹਿਆਂ ਗੁਰਦਾਸਪੁਰ, ਹੁਸ਼ਿਆਰਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਬਰਨਾਲਾ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਜੋ ਕਿ ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਅਰਥਾਤ 25 ਨਵੰਬਰ, 2024 ਤੱਕ ਲਾਗੂ ਰਹੇਗਾ।